ਪੰਜਾਬ ਨੈਸ਼ਨਲ ਬੈਂਕ ’ਚ ਚੋਰੀ ਦੀ ਅਸਫ਼ਲ ਕੋਸ਼ਿਸ਼, ਚੋਰ ਕਾਬੂ

02/12/2019 4:19:25 AM

ਰੋਪੜ (ਗੁਰਭਾਗ)-ਸਥਾਨਕ ਇਕ ਵੱਡੇ ਬੈਂਕ ਦੀ ਬ੍ਰਾਂਚ ’ਚ ਡਾਕੇ ਦੀ ਨੀਅਤ ਨਾਲ ਵਡ਼ਿਆ ਚੋਰ ਪੁਲਸ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਜਿਸ ਕਾਰਨ ਭਾਵੇਂ ਕੋਈ ਵੱਡਾ ਨੁਕਸਾਨ ਤਾਂ ਨਹੀਂ ਹੋਇਆ ਪਰ ਬੈਂਕ ਮੁਲਾਜ਼ਮਾਂ ਅਤੇ ਖਪਤਕਾਰਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮੌਕੇ ’ਤੇ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਨੰਗਲ ਦੇ ਪੰਜਾਬ ਨੈਸ਼ਨਲ ਬੈਂਕ ’ਚ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਕਾਰਨ ਇਕ ਵਿਅਕਤੀ ਬੈਂਕ ਅੰਦਰ ਚਲਾ ਗਿਆ, ਜਿਸਨੇ ਅੰਦਰ ਕੱਟ-ਵੱਢ ਕੀਤੀ ਪਰ ਉਹ ਸਟ੍ਰਾਂਗ ਰੂਮ ਦਾ ਭਾਰੂ ਦਰਵਾਜ਼ਾ ਤੋਡ਼ਨ ’ਚ ਸਫ਼ਲ ਨਹੀਂ ਹੋ ਸਕਿਆ ਪਰ ਉਸ ਵੱਲੋਂ ਦਰਵਾਜ਼ੇ ਦਾ ਇਕ ਕਬਜ਼ਾ ਐਕਸਾ ਬਲੇਡ ਨਾਲ ਕੱਟ ਦਿੱਤਾ ਗਿਆ ਸੀ। ਬੈਂਕ ਦੇ ਚੀਫ ਮੈਨੇਜਰ ਜੇ. ਕੇ. ਧੀਮਾਨ ਨੇ ਕਿਹਾ ਕਿ ਜਦੋਂ ਅੱਜ ਸਵੇਰੇ ਸਾਡੇ ਵੱਲੋਂ ਸਟ੍ਰਾਂਗ ਰੂਮ ਖੋਲ੍ਹਣ ਦੀ ਕੋਸਿਸ਼ ਕੀਤੀ ਗਈ ਤਾਂ ਉਹ ਖੁੱਲ੍ਹਿਆ ਨਹੀਂ, ਅੰਦਰ ਕੁਝ ਪੈਰਾਂ ਦੇ ਨਿਸ਼ਾਨ ਦਿਖੇ, ਖਿਡ਼ਕੀ ਵੱਲ ਨੂੰ ਜਾ ਕੇ ਦੇਖਿਆ ਤਾਂ ਇਕ ਗਰਿੱਲ ਤੋਡ਼ੀ ਦੇਖੀ ਗਈ ਜਿਸ ਰਸਤੇ ਉਹ ਅੰਦਰ ਵਡ਼ਿਆ ਸੀ। ਮੈਨੇਜਰ ਨੇ ਕਿਹਾ ਕਿ ਉਸਨੇ ਅੰਦਰ ਵਡ਼ ਕੇ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਛੇਡ਼ਛਾਡ਼ ਕੀਤੀ। ਸਾਨੂੰ ਸ਼ੱਕ ਹੋਇਆ ਤੇ ਅਸੀਂ ਪੁਲਸ ਨੂੰ ਇਤਲਾਹ ਕਰ ਦਿੱਤੀ। ਤਿੰਨ ਵਜੇ ਦੇ ਕਰੀਬ ਬੈਂਕ ਦੇ ਗਾਰਡ ਵੱਲੋਂ ਜਦੋਂ ਸਟੋਰ ਚੈੱਕ ਕੀਤਾ ਗਿਆ ਤਾਂ ਉਹ ਚੋਰ ਇਕ ਅਲਮਾਰੀ ’ਤੇ ਬੈਠਾ ਮਿਲਿਆ, ਜਿਸਨੂੰ ਫਡ਼ ਕੇ ਪੁਲਸ ਹਵਾਲੇ ਕਰ ਦਿੱਤਾ। ਚੋਰ ਕੋਲੋਂ ਪੁਲਸ ਨੇ ਇਕ ਰੱਸਾ, ਗੈਂਤੀ ਤੇ ਐਕਸਾ ਬਲੇਡ ਬਰਾਮਦ ਕਰ ਲਏ। ਉਸਦੀ ਸਕੂਟਰੀ ਵੀ ਮਾਡਲ ਸਕੂਲ ਲਾਗਿਓਂ ਮਿਲੀ। ਦੱਸਿਆ ਜਾਂਦਾ ਹੈ ਕਿ ਚੋਰ ਨਸ਼ਾ ਜ਼ਿਆਦਾ ਹੋਣ ਕਰ ਕੇ ਬਾਹਰ ਨਹੀਂ ਨਿਕਲ ਸਕਿਆ, ਇਸ ਤੋਂ ਇਲਾਵਾ ਉਸ ਕੋਲੋਂ ਬਾਂਦਰ ਟੋਪੀ ਤੇ ਸ਼ਨੀਲ ਦੇ ਕੱਪਡ਼ੇ ਵੀ ਬਰਾਮਦ ਹੋਏ। ਇਲਾਕੇ ਵਿਚ ਚਰਚਾ ਇਹ ਹੈ ਸ਼ਹਿਰ ’ਚ ਹੁੰਦੀਆਂ ਚੋਰੀਆਂ ਬਾਰੇ ਤਾਂ ਆਮ ਹੀ ਸੁਣਨ ਨੂੰ ਮਿਲ ਜਾਂਦਾ ਹੈ ਪਰ ਇੰਨੀ ਵੱਡੀ ਬ੍ਰਾਂਚ ਨੂੰ ਲੁੱਟਣ ਦਾ ਹੌਸਲਾ ਪਹਿਲੀ ਵਾਰ ਕਿਸੇ ਦਾ ਪਿਆ। ਬੈਂਕ ਦੇ ਚੀਫ ਮੈਨੇਜਰ ਨੇ ਵੀ ਚੋਰ ਫਡ਼ੇ ਜਾਣ ਨੂੰ ਇਕ ਵੱਡੀ ਉਪਲਬਧੀ ਕਿਹਾ। ਜੇਕਰ ਸਚਮੁੱਚ ਹੀ ਆਪਣੇ ਕੰਮ ’ਚ ਸਫਲ ਹੋ ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ। ਨੰਗਲ ਥਾਣਾ ਮੁਖੀ ਪਵਨ ਚੌਧਰੀ ਨੇ ਕਿਹਾ ਕਿ ਬੈਂਕ ’ਚੋਂ ਕਾਬੂ ਕੀਤੇ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ, ਪਡ਼ਤਾਲ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।

Related News