ਕਾਂਗਰਸ ਪਾਰਟੀ ਵਰਗਾ ਕਾਟੋ-ਕਲੇਸ਼ ਹੁਣ ਅਕਾਲੀ ਦਲ ’ਚ ਹੋਵੇਗਾ ਸ਼ੁਰੂ

01/23/2019 9:22:19 AM

ਰੋਪੜ (ਕਟਾਰੀਆ/ਕਿਰਨ)- ਨਜ਼ਦੀਕ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਭਾਵੇਂ ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਐੱਮ. ਐੱਲ. ਏ. ਬਲਾਚੌਰ ਹਲਕੇ ਤੋਂ 4 ਵਾਰੀ ਕਾਂਗਰਸ ਦੇ ਉਮੀਦਵਾਰਾਂ ਨੂੰ ਹਰਾ ਕੇ ਜਿੱਤ ਪ੍ਰਾਪਤ ਕਰ ਚੁੱਕੇ ਸਨ। ਪਰ ਇਹ ਉਸ ਸਮੇਂ ਦੀ ਕਾਂਗਰਸੀ ਆਗੂਆਂ ਦੀ ਘਟੀਆ ਸੋਚ ਤੇ ਜ਼ਿਆਦਾ ਲੀਡਰ ਹੋਣ ਕਾਰਨ ਹੋਇਆ ਹੈ ਕਿਉਂਕਿ ਜਿਸ ਤਰ੍ਹਾਂ ਹਰ ਵਿਧਾਨ ਸਭਾ ਚੋਣਾਂ ਵੇਲੇ ਸਾਰੇ ਕਾਂਗਰਸੀ ਇਕੱਠੇ ਤੇ ਕਸਮਾਂ ਖਾਂਦੇ ਸਨ ਕਿ ਜਿਸ ਨੂੰ ਵੀ ਟਿਕਟ ਮਿਲੀ ਉਹ ਸਭ ਉਸ ਦੇ ਨਾਲ ਰਹਿਣਗੇ ਪਰ ਇਸ ਤਰ੍ਹਾਂ ਨਹੀਂ ਹੁੰਦਾ ਜਿਸ ਨੂੰ ਵੀ ਕਾਂਗਰਸ ਦੀ ਟਿਕਟ ਮਿਲੇ ਦੂਸਰੇ ਆਗੂ ਉਸ ਤੋਂ ਨਾਰਾਜ਼ ਹੋ ਕੇ ਲੱਤਾਂ ਖਿੱਚਦੇ ਰਹਿੰਦੇ ਹਨ। ਪਰ ਉਸ ਸਮੇਂ ਕਾਂਗਰਸ ਪਾਰਟੀ ਦੇ ਆਪਸ ਵਿਚ ਕਾਟੋ ਕਲੇਸ਼ ਕਾਰਨ ਹੀ ਸ਼੍ਰੋਮਣੀ ਅਕਾਲੀ ਦਲ 4 ਵਾਰ ਜਿੱਤਿਆ। ਕਾਂਗਰਸੀ ਪਾਰਟੀ ਦੇ ਵਰਕਰਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ। ਇਸ ਤੋਂ ਬਾਅਦ 2 ਸਾਲ ਪਹਿਲਾਂ ਵਿਧਾਨ ਸਭਾ ਦੀ ਚੋਣ ਹੋਈ ਜਿਸ ਵਿਚ ਫਿਰ ਉਹੀ ਕਾਟੋ-ਕਲੇਸ਼ ਰਿਹਾ। ਪਰ ਚੌਧਰੀ ਦਰਸ਼ਨ ਲਾਲ ਨੇ ਕਾਂਗਰਸ ਪਾਰਟੀ ਵਲੋਂ ਚੋਣ ਲੜ ਕੇ 20,000 ਵੋਟਾਂ ਨਾਲ ਜਿੱਤ ਕੇ ਅਕਾਲੀ ਆਗੂ ਨੰਦ ਲਾਲ ਨੂੰ ਹਰਾ ਕੇ ਅਕਾਲੀ ਦਲ ਦਾ ਕਿਲਾ ਢਾਹਿਆ ਤੇ ਹੁਣ ਕਾਂਗਰਸ ਪਾਰਟੀ ’ਚ ਰਹੇ ਸਰਗਰਮ ਆਗੂ ਰਾਜਵਿੰਦਰ ਲੱਕੀ ਕਾਂਗਰਸ ਛੱਡ ਕੇ ਆਪ ’ਚ ਆਏ ਤੇ ਹੁਣ ਆਪ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਉੱਤਰੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੁਝ ਹੋਰ ਕਾਂਗਰਸੀ ਵੀ ਪਾਰਟੀ ਛੱਡ ਕੇ ਹੋਰ ਪਾਰਟੀਆਂ ਵੱਲ ਨੂੰ ਉਤਾਵਲੇ ਹੋ ਰਹੇ ਹਨ ਤੇ ਹੋਰ ਵੀ 2 ਸਿਆਸੀ ਆਗੂ 2019 ਵਿਚ ਹੀ ਅਕਾਲੀ ਦਲ ਜੁਆਇਨ ਕਰ ਰਹੇ ਹਨ ਤੇ ਲੋਕ ਸਭਾ ਦੀ ਕਾਂਗਰਸ ਸੀਟ ਨੂੰ ਹਰਾਉਣ ਦੀ ਪੂਰੀ ਤਿਆਰੀ ਚੱਲ ਰਹੀ ਹੈ। ਚੌਧਰੀ ਨੰਦ ਲਾਲ ਦੀ ਸਿਹਤ ਖਰਾਬ ਹੋਣ ਕਾਰਨ ਕਈ ਨਵੇਂ ਚਿਹਰੇ ਅੱਗੇ ਆਉਣ ਲਈ ਤਿਆਰ ਹਨ। ਸੂਤਰਾਂ ਅਨੁਸਾਰ ਜੋ ਕਾਟੋ ਕਲੇਸ਼ ਕਾਂਗਰਸ ’ਚ ਸੀ ਉਹ ਹੁਣ ਅਕਾਲੀ ਦਲ ਬਾਦਲ ’ਚ ਵੀ ਹੋ ਸਕਦਾ ਹੈ। ਜਿਸ ਦਾ ਫਾਇਦਾ ਕਾਂਗਰਸ ਪਾਰਟੀ ਲੈ ਸਕਦੀ ਹੈ। ਇਸ ਵਾਰ ਲੋਕ ਸਭਾ ਚੋਣ ਵਿਚ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਕਾਂਗਰਸ ਪਾਰਟੀ ਵਲੋਂ ਰਵਨੀਤ ਸਿੰਘ ਬਿੱਟੂ ਨੂੰ ਉਤਾਰਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਜਿਸ ਕਾਰਨ ਬਲਾਚੌਰ ਦੀ ਸਿਆਸਤ ਇਸ ਵਾਰ ਬਹੁਤ ਔਖੀ ਤੇ ਚਾਲਬਾਜ਼ ਹੋ ਸਕਦੀ ਹੈ। ਬਿੱਟੂ ਦੇ ਆਉਣ ਨਾਲ ਹੋ ਸਕਦਾ ਹੈ ਕਿ ਲੋਕ ਸਭਾ ਸੀਟ ਰਵਨੀਤ ਬਿੱਟੂ ਕਢਵਾ ਸਕਦੇ ਹਨ। ਜਿਸ ਕਾਰਨ ਪਾਰਟੀਆਂ ’ਚ ਵਰਕ ਮੀਟਿੰਗਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਤੇ 2 ਹੋਰ ਪਾਰਟੀਆਂ ਵੀ ਨਵੀਆਂ ਬਣੀਆਂ ਹਨ ਉਨ੍ਹਾਂ ਦੀ ਵੀ ਰਣਨੀਤੀ ਤਿਆਰ ਹੋ ਰਹੀ ਹੈ।

Related News