ਜਲਾਲਾਬਾਦ ''ਚ ਮੀਂਹ ਕਾਰਨ ਘਰ ਦੀ ਛੱਤ ਡਿੱਗੀ, ਪਰਿਵਾਰ ਨੇ ਭੱਜ ਕੇ ਜਾਨ ਬਚਾਈ
Saturday, Aug 02, 2025 - 03:51 PM (IST)

ਜਲਾਲਾਬਾਦ (ਬੰਟੀ ਦਹੂਜਾ) : ਜਲਾਲਾਬਾਦ ਦੇ ਪਿੰਡ ਬੱਲੂਆਣਾ 'ਚ ਮੀਂਹ ਕਾਰਨ ਅੱਜ ਸਵੇਰੇ ਵਿਧਵਾ ਔਰਤ ਦੇ ਘਰ ਦੀ ਛੱਤ ਡਿੱਗ ਗਈ। ਇਸ ਕਾਰਨ ਘਰ ਦਾ ਸਾਰਾ ਸਮਾਨ ਮਲਬੇ ਹੇਠ ਦੱਬ ਗਿਆ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਔਰਤ ਦੇ ਪੁੱਤਰ ਗਗਨ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ ਸੌਂ ਰਹੇ ਸਨ ਕਿ ਅਚਾਨਕ ਛੱਤ ਤੋਂ ਕੁੱਝ ਸੀਮੈਂਟ ਡਿੱਗਣ ਲੱਗਾ। ਇਸ ਤੋਂ ਬਾਅਦ ਉਸਨੇ ਉੱਠ ਕੇ ਦੇਖਿਆ ਅਤੇ ਹੇਠਾਂ ਤਿਰਪਾਲ ਵਿਛਾ ਦਿੱਤੀ। ਇਸੇ ਦੌਰਾਨ ਅਚਾਨਕ ਘਰ ਦੀ ਛੱਤ ਡਿੱਗ ਗਈ, ਜਿਸ ਤੋਂ ਬਾਅਦ ਉਹ ਜਾਨ ਬਚਾ ਕੇ ਘਰੋਂ ਬਾਹਰ ਭੱਜ ਗਏ।
ਪ੍ਰਸ਼ਾਸਨ ਤੋਂ ਆਰਥਿਕ ਮਦਦ ਦੀ ਗੁਹਾਰ
ਔਰਤ ਨੇ ਕਿਹਾ ਕਿ ਉਨ੍ਹਾਂ ਨੂੰ ਕਾਫ਼ੀ ਆਰਥਿਕ ਨੁਕਸਾਨ ਹੋਇਆ ਹੈ। ਘਰ ਦਾ ਬਹੁਤ ਸਾਰਾ ਘਰੇਲੂ ਸਮਾਨ ਮਲਬੇ ਹੇਠ ਦੱਬ ਗਿਆ ਹੈ। ਉਨ੍ਹਾਂ ਦਾ ਇੱਕ ਪੁੱਤਰ ਨਸ਼ੇ ਦਾ ਆਦੀ ਹੈ, ਜਦਕਿ ਦੂਜਾ ਪੁੱਤਰ ਜੋ ਮਿਹਨਤ-ਮਜ਼ਦੂਰੀ ਕਰਦਾ ਹੈ, ਉਹ ਵੀ ਬੀਮਾਰ ਰਹਿੰਦਾ ਹੈ। ਫਿਲਹਾਲ ਉਸਨੇ ਇਸ ਮਾਮਲੇ ਵਿੱਚ ਪ੍ਰਸ਼ਾਸਨ ਤੋਂ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ।