ਖੁਦ ਡਾਕੇ ਮਾਰਨ ਵਾਲੇ ਦੂਜੇ ਨੂੰ ਨਸੀਹਤ ਨਹੀਂ ਦੇ ਸਕਦੇ : ਸਿੱਧੂ

Friday, Feb 16, 2018 - 02:39 AM (IST)

ਚੰਡੀਗੜ੍ਹ (ਭੁੱਲਰ)— ਅਕਾਲੀ ਦਲ ਵਲੋਂ ਕੈਪਟਨ ਸਰਕਾਰ ਖਿਲਾਫ਼ ਕੀਤੀਆਂ ਜਾ ਰਹੀਆਂ ਪੋਲ ਖੋਲ ਰੈਲੀਆਂ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਬਾਰੇ ਸਿੱਧੂ ਨੇ ਵੀ ਸੁਖਬੀਰ 'ਤੇ ਅੱਜ ਪਲਟਵਾਰ ਕਰਦਿਆਂ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਅੱਜ ਸ਼ਾਮ ਇਥੇ ਪੰਜਾਬ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਸਕੱਤਰੇਤ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਸੁਖਬੀਰ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਖੁਦ ਡਾਕੇ ਮਾਰਨ ਵਾਲੇ ਦੂਜਿਆਂ ਨੂੰ ਨਸੀਹਤ ਨਹੀਂ ਦੇ ਸਕਦੇ। ਉਨ੍ਹਾਂ ਸੁਖਬੀਰ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਹਿੰਮਤ ਹੈ ਤਾਂ ਪੋਲ ਖੋਲ ਰੈਲੀਆਂ ਵਿਚ ਅਪਸ਼ਬਦ ਬੋਲਣ ਦੀ ਥਾਂ ਮੁੱਦਿਆਂ 'ਤੇ ਸਾਹਮਣੇ ਆ ਕੇ ਬਹਿਸ ਕਰੋ। ਮੀਡੀਆ ਦੀ ਮੌਜੂਦਗੀ ਵਿਚ ਉਹ ਇਸ ਬਹਿਸ ਲਈ ਤਿਆਰ ਹਨ ਅਤੇ ਇਸ ਦੇ ਸਥਾਨ ਬਾਰੇ ਸੁਖਬੀਰ ਖੁਦ ਫੈਸਲਾ ਕਰਨ ਕਿ ਕਿਥੇ ਬਹਿਸ ਕਰਨੀ ਹੈ। ਸਿੱਧੂ ਨੇ ਕਿਹਾ ਕਿ ਬਹਿਸ ਵਿਚ ਆਵੇ ਤਾਂ ਸਹੀ, ਉਸ ਨੂੰ ਜਲੇਬੀ ਵਾਂਗ ਇਕੱਠਾ ਕਰ ਦਿਆਂਗਾ। 
ਉਨ੍ਹਾਂ ਗੈਰ ਕਾਨੂੰਨੀ ਮਾਈਨਿੰਗ ਅਤੇ ਗੁੰਡਾ ਟੈਕਸ ਆਦਿ ਦੇ ਮਾਮਲਿਆਂ ਬਾਰੇ ਕਿਹਾ ਕਿ ਸੁਖਬੀਰ ਨੂੰ ਆਪਣੇ ਪਿਛਲੇ ਦਸ ਸਾਲਾਂ ਦੀ ਸਰਕਾਰ ਦੇ ਸਮੇਂ ਵੱਲ ਦੇਖਣਾ ਚਾਹੀਦਾ ਹੈ ਕਿ ਤੁਸੀਂ ਇਸ ਨੂੰ ਰੋਕਣ ਲਈ ਕੀ ਕੀਤਾ। ਸੱਤਾ ਤੋਂ ਬਾਹਰ ਹੋ ਕੇ ਬੇਬੁਨਿਆਦ ਦੋਸ਼ ਲਾ ਕੇ ਤਾਂ ਸੁਖਬੀਰ ਨੌ ਸੌ ਚੂਹੇ ਖਾ ਕੇ ਬਿੱਲੀ ਚੱਲੀ ਹੱਜ ਨੂੰ ਵਾਲੀ ਗੱਲ ਕਰ ਰਹੇ ਹਨ। ਇਕ ਸਾਲ ਦੇ ਸਮੇਂ ਅੰਦਰ ਹੀ ਅਕਾਲੀ ਦਲ ਨੂੰ ਤਿੰਨ ਚੋਣਾਂ 'ਚ ਵੱਡੀਆਂ ਹਾਰਾਂ ਹੋਈਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਸਰਕਾਰ ਦੇ ਇਕ ਸਾਲ ਦੇ ਸਮੇਂ ਬਾਰੇ ਬੇਲੋੜੀਆਂ ਟਿੱਪਣੀਆਂ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ। ਉਨ੍ਹਾਂ ਸੁਖਬੀਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜੋ ਆਪ ਸ਼ੀਸ਼ੇ ਦੇ ਘਰਾਂ 'ਚ ਰਹਿੰਦੇ ਹਨ, ਉਨ੍ਹਾਂ ਨੂੰ ਦੂਜਿਆਂ ਦੇ ਘਰਾਂ 'ਤੇ ਪੱਥਰ ਨਹੀ ਸੁੱਟਣੇ ਚਾਹੀਦੇ। ਬਿਕਰਮ ਮਜੀਠੀਆ ਖਿਲਾਫ਼ ਕੈਪਟਨ ਸਰਕਾਰ ਵਲੋਂ ਕਾਰਵਾਈ ਨਾ ਕੀਤੇ ਜਾਣ ਬਾਰੇ ਪੁੱਛੇ ਜਾਣ 'ਤੇ ਸਿੱਧੂ ਨੇ ਕਿਹਾ ਕਿ ਇਹ ਮਾਮਲੇ ਕੋਰਟਾਂ 'ਚ ਹਨ, ਜਿਸ ਕਰਕੇ ਸਰਕਾਰ ਦਖਲ ਨਹੀਂ ਦੇਣਾ ਚਾਹੁੰਦੀ। ਉਨ੍ਹਾਂ ਨਾਲ ਹੀ ਕਿਹਾ ਕਿ ਬਿਕਰਮ ਮਜੀਠੀਆ ਅਕਾਲੀ ਦਲ 'ਤੇ ਇਕ ਕਲੰਕ ਹੈ ਤੇ ਇਸ ਦਾ ਨਾਮ ਇਤਿਹਾਸ 'ਚ ਕਾਲੇ ਅੱਖਰਾਂ 'ਚ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਜੀਠੀਆ ਵਰਗਿਆਂ ਕਾਰਨ ਅਕਾਲੀ ਦਲ ਵਿਰੋਧੀ ਧਿਰ 'ਚ ਬੈਠਣ ਦੇ ਵੀ ਕਾਬਲ ਨਹੀਂ ਰਿਹਾ।


Related News