ਲੋੜਵੰਦਾਂ ਲਈ ਮਸੀਹਾ ਬਣੇ ਗੁਰਪ੍ਰੀਤ ਸਿੰਘ ਸੋਬਤੀ, ਲੋਕਾਂ ਦਾ ਮੁਫ਼ਤ ਇਲਾਜ ਕਰਵਾਉਣ 'ਤੇ ਪਿੰਡ ਵਾਸੀਆਂ ਵੱਲੋਂ ਸਨਮਾਨ

Sunday, Sep 06, 2026 - 09:21 PM (IST)

ਲੋੜਵੰਦਾਂ ਲਈ ਮਸੀਹਾ ਬਣੇ ਗੁਰਪ੍ਰੀਤ ਸਿੰਘ ਸੋਬਤੀ, ਲੋਕਾਂ ਦਾ ਮੁਫ਼ਤ ਇਲਾਜ ਕਰਵਾਉਣ 'ਤੇ ਪਿੰਡ ਵਾਸੀਆਂ ਵੱਲੋਂ ਸਨਮਾਨ

ਲੁਧਿਆਣਾ : ਲੁਧਿਆਣਾ ਦੇ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਗੁੱਜਰਵਾਲ ਬੇਟ ਵਿਖੇ ਪਿੰਡ ਵਾਸੀਆਂ ਵੱਲੋਂ ਪ੍ਰਸਿੱਧ ਸਮਾਜ ਸੇਵਕ ਗੁਰਪ੍ਰੀਤ ਸਿੰਘ ਸੋਬਤੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਸੋਬਤੀ ਵੱਲੋਂ ਇਲਾਕੇ ਦੇ ਕਈ ਗਰੀਬ ਅਤੇ ਲੋੜਵੰਦ ਮਰੀਜ਼ਾਂ ਦਾ ਮੁਫਤ ਇਲਾਜ ਕਰਵਾਇਆ ਗਿਆ ਹੈ, ਜਿਸ ਸਦਕਾ ਕਈ ਮਰੀਜ਼ਾਂ ਨੂੰ ਨਵਾਂ ਜੀਵਨ ਮਿਲਿਆ ਹੈ।

ਸਨਮਾਨ ਸਮਾਗਮ ਦੌਰਾਨ ਹਾਜ਼ਰ ਲੋਕਾਂ ਤੇ ਮਰੀਜ਼ਾਂ ਨੇ ਸਮਾਜ ਸੇਵੀ ਗੁਰਪ੍ਰੀਤ ਸੋਬਤੀ ਦੀ ਪ੍ਰਸ਼ੰਸਾ ਕੀਤੀ। ਇਸ ਦੌਰਾਨ ਪਿੰਡ ਦੀ ਰਹਿਣ ਵਾਲੀ ਕੁਸ਼ਲਿਆ ਨੇ ਦੱਸਿਆ ਕਿ ਉਸ ਦਾ ਬੱਚਾ ਐਲਰਜੀ ਅਤੇ ਗੰਭੀਰ ਇਨਫੈਕਸ਼ਨ ਨਾਲ ਪੀੜਤ ਸੀ। ਉਸ ਦੇ ਇਲਾਜ 'ਤੇ ਕਰੀਬ 2 ਤੋਂ 3 ਲੱਖ ਰੁਪਏ ਦਾ ਖਰਚਾ ਆਇਆ, ਜਿਸ ਨੂੰ ਗੁਰਪ੍ਰੀਤ ਸੋਬਤੀ ਨੇ ਆਪਣੇ ਕੋਲੋਂ ਦੇ ਕੇ ਬੱਚੇ ਦੀ ਜਾਨ ਬਚਾਈ। ਇਸੇ ਤਰ੍ਹਾਂ ਜਸਵਿੰਦਰ ਕੌਰ ਨਾਮਕ ਔਰਤ ਨੇ ਦੱਸਿਆ ਕਿ ਉਸ ਦੀਆਂ ਨਾੜਾਂ ਬਲੌਕ ਹੋ ਗਈਆਂ ਸਨ ਅਤੇ ਪੰਜ-ਛੇ ਵੱਡੇ ਹਸਪਤਾਲਾਂ ਦੇ ਡਾਕਟਰਾਂ ਨੇ ਹੱਥ ਖੜ੍ਹੇ ਕਰ ਦਿੱਤੇ ਸਨ। ਅਜਿਹੇ ਨਾਜ਼ੁਕ ਸਮੇਂ ਸੋਬਤੀ ਨੇ ਮਹਿਜ਼ 15-20 ਮਿੰਟਾਂ ਦੇ ਅੰਦਰ ਸਾਰੇ ਪ੍ਰਬੰਧ ਕਰਵਾ ਕੇ ਉਨ੍ਹਾਂ ਦੀ ਜਾਨ ਬਚਾਈ। ਸਰਬਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਉਨ੍ਹਾਂ ਦਾ ਗੋਡਾ ਟੁੱਟ ਗਿਆ ਸੀ, ਜਿਸ 'ਤੇ ਢਾਈ ਲੱਖ ਰੁਪਏ ਦਾ ਖਰਚਾ ਸੀ। ਸੋਬਤੀ ਸਾਹਿਬ ਦੀ ਬਦੌਲਤ ਇਹ ਇਲਾਜ ਮੁਫ਼ਤ ਸੰਭਵ ਹੋ ਸਕਿਆ ਅਤੇ ਉਹ ਅੱਜ ਵੀ ਪਰਿਵਾਰ ਨੂੰ ਰਾਸ਼ਨ-ਪਾਣੀ ਦੀ ਮਦਦ ਦੇ ਰਹੇ ਹਨ।

ਸਮਾਗਮ ਦੌਰਾਨ ਪਿੰਡ ਕਾਲਸਾਂ ਦੇ ਸਰਪੰਚ ਗੁਰਦੇਵ ਸਿੰਘ ਬਿੱਟੂ ਨੇ ਦੱਸਿਆ ਕਿ ਗੁਰਪ੍ਰੀਤ ਸੋਬਤੀ ਬਿਨਾਂ ਕਿਸੇ ਨਿੱਜੀ ਸੁਆਰਥ ਦੇ ਲੋਕਾਂ ਦੇ ਸਰਕਾਰੀ ਦਫ਼ਤਰਾਂ ਦੇ ਕੰਮ ਵੀ ਕਰਵਾ ਕੇ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਪਿੰਡ ਵਿੱਚ ਟ੍ਰਾਂਸਫਾਰਮ ਦੀ ਸਮੱਸਿਆ ਸੀ, ਤਾਂ ਸੋਬਤੀ ਦੇ ਇੱਕ ਫ਼ੋਨ 'ਤੇ ਉਸੇ ਦਿਨ ਨਵਾਂ ਟ੍ਰਾਂਸਫਾਰਮ ਲੱਗ ਗਿਆ। ਇਸ ਤੋਂ ਇਲਾਵਾ ਛੁੱਟੀ ਵਾਲੇ ਦਿਨ ਗੱਡੀ ਦੀ ਵੈਲੂਏਸ਼ਨ ਕਰਵਾਉਣੀ, SO-DTO ਦਫ਼ਤਰ ਦੇ ਕੰਮ, DC ਦਫ਼ਤਰ ਤੋਂ NOC ਅਤੇ ਬਾਹਰ ਜਾਣ ਵਾਲੇ ਬੱਚਿਆਂ ਦੀ ਪੁਲਸ ਕਲੀਅਰੈਂਸ ਰਿਪੋਰਟ (PCC) ਵਰਗੇ ਕੰਮ ਉਹ ਬਿਨਾਂ ਕੋਈ ਪੈਸਾ ਲਏ ਕਰਵਾਉਂਦੇ ਹਨ। ਗਗਨਦੀਪ ਸਿੰਘ ਨੇ ਦੱਸਿਆ ਕਿ ਬੂਸਗੜ੍ਹ ਹਾਈਵੇ 'ਤੇ ਇੱਕ ਗਰੀਬ ਪਰਿਵਾਰ ਦੇ ਪ੍ਰਾਪਰਟੀ ਦੇ ਉਲਝੇ ਮਸਲੇ ਨੂੰ ਵੀ ਸੋਬਤੀ ਨੇ ਆਪਣੀ ਭੱਜ-ਨੱਠ ਨਾਲ ਹੱਲ ਕਰਵਾਇਆ। ਸਰਪੰਚ ਬਿੱਟੂ ਨੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਲੋਕ ਸੇਵਾ ਦੇ ਇਸ ਰਾਹ 'ਤੇ ਚੱਲਣ ਦੀ ਅਪੀਲ ਕੀਤੀ।

ਆਪਣੇ ਸਨਮਾਨ ਤੋਂ ਬਾਅਦ ਗੁਰਪ੍ਰੀਤ ਸਿੰਘ ਸੋਬਤੀ ਨੇ ਪ੍ਰਮਾਤਮਾ, ਆਪਣੇ ਮਾਤਾ-ਪਿਤਾ, ਪਿੰਡ ਵਾਸੀਆਂ ਅਤੇ ਆਪਣੇ ਮਾਰਗਦਰਸ਼ਕ ਰਮਨਦੀਪ ਸਿੰਘ ਸੋਢੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸਮਾਜ ਸੇਵੀ ਕਾਰਜਾਂ ਵਿੱਚ ਸਹਿਯੋਗ ਦੇਣ ਲਈ ਡੀ.ਸੀ. ਸਾਹਿਬ ਅਤੇ ਜੀ.ਐੱਸ.ਟੀ. ਵਿਭਾਗ ਦੇ ਅਧਿਕਾਰੀ ਖਾਨ ਸਾਹਿਬ ਵਰਗੇ ਅਫ਼ਸਰਾਂ ਦਾ ਵੀ ਵਿਸ਼ੇਸ਼ ਸ਼ੁਕਰੀਆ ਅਦਾ ਕੀਤਾ। ਸੋਬਤੀ ਨੇ ਐਲਾਨ ਕੀਤਾ ਕਿ ਉਹ ਬਹੁਤ ਜਲਦ ਆਪਣੇ ਪੱਧਰ 'ਤੇ ਫੰਡਾਂ ਦਾ ਪ੍ਰਬੰਧ ਕਰਕੇ ਪਿੰਡ ਵਾਸੀਆਂ ਲਈ ਇੱਕ ਐਂਬੂਲੈਂਸ ਗੱਡੀ ਮੁਹੱਈਆ ਕਰਵਾਉਣਗੇ ਤਾਂ ਜੋ ਗਰੀਬ ਲੋਕਾਂ ਦੇ ਆਵਾਜਾਈ ਦੇ ਪੈਸੇ ਬਚ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News