ਚੋਰਾਂ ਨੇ ਧੁੰਦ ਦਾ ਲਾਭ ਉਠਾਉਂਦੇ ਸਾਦਿਕ ਦੀਆਂ ਚਾਰ ਦੁਕਾਨਾਂ ''ਤੇ ਕੀਤੀ ਚੋਰੀ

01/19/2018 11:45:34 AM

ਸਾਦਿਕ (ਪਰਮਜੀਤ) - ਬੀਤੀ ਰਾਤ ਚੋਰਾਂ ਵੱਲੋਂ ਧੁੰਦ ਅਤੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਸਾਦਿਕ ਦੀਆਂ ਦੋ ਵੱਖ-ਵੱਖ ਸੜਕਾਂ 'ਤੇ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਨਗਦੀ ਤੇ ਸਮਾਨ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਵਾਲੀ ਸੜਕ 'ਤੇ ਰੁਲਦੂ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਢਿੱਲਵਾਂ ਖੁਰਦ ਅਤੇ ਯਾਦਵਿੰਦਰ ਸਿੰਘ ਕਾਲਾ ਪੁੱਤਰ ਨਛੱਤਰ ਸਿੰਘ ਪਿੰਡ ਬੀਹਲੇਵਾਲਾ ਦੀਆਂ ਦੋ ਦੁਕਾਨਾਂ ਦੇ ਚੋਰਾਂ ਵੱਲੋਂ ਸ਼ਟਰ ਭੰਨ ਕੇ ਤਾਂਬਾ ਤੇ ਸਪੇਅਰ ਪਾਰਟਸ ਚੋਰੀ ਕਰ ਲਏ। ਇਨਾਂ ਦੁਕਾਨਾਂ ਦੇ ਗੱਲੇ ਭੰਨੇ ਗਏ ਜਿਸ 'ਚ ਤਿੰਨ ਚਾਰ ਸੌ ਰਪਏ ਸਨ ਵੀ ਚੋਰ ਲੈ ਗਏ।

PunjabKesari

ਇਸ ਤੋਂ ਬਾਅਦ ਚੋਰਾਂ ਨੇ ਗੁਰੂਹਰਸਹਾਏ ਵਾਲੀ ਸੜਕ 'ਤੇ ਸਥਿਤ ਸਵੇਰੇ 5 ਵਜੇ ਗੁਲਸ਼ਨ ਕੁਮਾਰ ਨਰੂਲਾ ਦੀਆਂ ਦੋ ਦੁਕਾਨਾਂ ਦੇ ਸ਼ਟਰ ਤੋੜੇ। ਪਹਿਲੀ 'ਚ ਸੀਮਿੰਟ ਪਏ ਹੋਣ ਤੋਂ ਬਾਅਦ ਚੋਰਾਂ ਨੇ ਦੂਸਰੀ ਦੁਕਾਨ ਦਾ ਸ਼ਟਰ ਤੋੜਿਆ ਤੇ ਅੰਦਰ ਵੜ ਕੇ ਵੱਖ-ਵੱਖ ਥਾਵਾਂ ਤੇ ਪਈ ਕਰੀਬ 15 ਹਜ਼ਾਰ ਰੁਪਏ ਨਗਦੀ ਲੁੱਟੀ। ਇਸ ਤੋਂ ਪਹਿਲਾਂ ਉਨਾਂ ਬਾਹਰ ਲੱਗਾ ਇਕ ਸੀ. ਸੀ. ਟੀ. ਵੀ. ਕੈਮਰਾ ਤੋੜਿਆ ਤੇ ਦੁਕਾਨ ਦੇ ਅੰਦਰਲੇ ਕੈਮਰਿਆਂ ਦੇ ਮੂੰਹ ਉੱਪਰ ਚੁੱਕ ਦਿੱਤੇ। ਫੁਟੇਜ਼ ਮੁਤਾਬਿਕ ਚੋਰਾਂ ਦੀ ਗਿਣਤੀ ਚਾਰ ਦਿਖਾਈ ਦਿੰਦੀ ਹੈ ਤੇ ਉਹ ਸਵੇਰੇ 5: 36 ਮਿੰਟ ਤੱਕ ਦੁਕਾਨ 'ਚ ਰਹੇ। ਘਟਨਾ ਦੀ ਸੂਚਨਾ ਮਿਲਦੇ ਏ. ਐਸ. ਆਈ. ਹਰਿੰਦਰ ਸਿੰਘ ਸੰਧੂ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਪੀੜਤ ਦੁਕਾਨਦਾਰਾਂ ਨੂੰ ਥਾਣੇ ਦਰਖਾਸਤ ਦੇਣ ਲਈ ਕਿਹਾ।


Related News