ਬੱਚਿਆਂ ਨੂੰ ਸਕੂਲ ਲੈਣ ਗਏ ਦਾਦੇ ਨੂੰ ਲੁਟੇਰਿਆਂ ਨੇ ਕੀਤਾ ਲਹੂ ਲੁਹਾਨ, ਸਕੂਟਰ ਤੇ ਮੋਬਾਈਲ ਖੋਹ ਹੋਏ ਫਰਾਰ
Saturday, Feb 08, 2025 - 11:12 AM (IST)
ਤਰਨਤਾਰਨ (ਰਮਨ)- ਸ਼ਹਿਰ ਵਿਚ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੇ ਲੋਕਾਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਹੈ। ਜਿਸ ਦੇ ਚੱਲਦਿਆਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬੰਦ ਹੋ ਚੁੱਕਾ ਹੈ। ਇਸਦੀ ਇਕ ਹੋਰ ਤਾਜ਼ਾ ਮਿਸਾਲ ਸ਼ੁੱਕਰਵਾਰ ਦਿਨ ਦਿਹਾੜੇ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਆਪਣੇ ਪੋਤਰੇ, ਪੋਤਰੀ ਨੂੰ ਸਕੂਲ ਲੈਣ ਜਾ ਰਹੇ ਇਕ ਦਾਦੇ ਨੂੰ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਜਿੱਥੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਲਹੂ ਲੁਹਾਨ ਕਰ ਦਿੱਤਾ, ਉਥੇ ਹੀ ਉਨ੍ਹਾਂ ਨੂੰ ਜ਼ਖ਼ਮੀ ਕਰਨ ਉਪਰੰਤ ਐਕਟੀਵਾ ਸਕੂਟਰ ਅਤੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਵਾਰਦਾਤ ਦੀ ਸੂਚਨਾ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਦੇਣ ਦੇ ਬਾਵਜੂਦ ਕਿਸੇ ਵੀ ਪੁਲਸ ਕਰਮਚਾਰੀ ਨੇ ਰਾਤ ਤੱਕ ਜ਼ਖ਼ਮੀ ਪੀੜਤ ਵਿਅਕਤੀ ਨਾਲ ਸੰਪਰਕ ਨਹੀਂ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਜਾਣਕਾਰੀ ਦਿੰਦੇ ਹੋਏ ਸਮੀਰ ਚੋਪੜਾ ਨਿਵਾਸੀ ਗਲੀ ਨਹਿਰੂ ਵਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਪਿਤਾ ਰਮੇਸ਼ ਕੁਮਾਰ ਚੋਪੜਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਪੋਤਰੇ ਅਤੇ ਪੋਤਰੀ ਨੂੰ ਸਕੂਲ ਤੋਂ ਲੈਣ ਲਈ ਜਾ ਰਹੇ ਸਨ। ਜਦੋਂ ਉਹ ਆਪਣੇ ਐਕਟੀਵਾ ਸਮੇਤ ਨਜ਼ਦੀਕ ਸੀਵਰੇਜ ਟਰੀਟਮੈਂਟ ਪਲਾਂਟ ਰੋਹੀ ਕੰਡਾ ਵਿਖੇ ਪੁੱਜੇ ਤਾਂ ਪਿੱਛਾ ਕਰ ਰਹੇ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਲੁਟੇਰਿਆਂ ਨੇ ਉਨ੍ਹਾਂ 'ਤੇ ਦਾਤਰ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣਾ ਐਕਟੀਵਾ ਸਕੂਟਰ ਰੋਕ ਲਿਆ ਗਿਆ ਅਤੇ ਆਪਣਾ ਬਚਾਓ ਕਰਨਾ ਸ਼ੁਰੂ ਕੀਤਾ ਪ੍ਰੰਤੂ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਲਗਾਤਾਰ ਵਾਰ ਕਰਨੇ ਜਾਰੀ ਰੱਖੇ ਗਏ। ਜਿਸ ਨਾਲ ਉਸਦੇ ਪਿਤਾ ਦੇ ਹੱਥਾਂ ਉਪਰ ਅਤੇ ਲੱਕ ਵਿਚ ਸੱਟ ਲੱਗਣ ਕਰਕੇ ਉਹ ਗੰਭੀਰ ਜ਼ਖਮੀ ਹੋ ਗਏ। ਇਸ ਰਸਤੇ ਹੋਰ ਲੋਕਾਂ ਨੂੰ ਆਉਂਦੇ ਵੇਖ ਹਮਲਾਵਰਾਂ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਜ਼ਬਰਦਸਤੀ ਉਸਦੇ ਪਿਤਾ ਦਾ ਐਕਟੀਵਾ ਸਕੂਟਰ ਨੰਬਰ ਪੀ.ਬੀ 46 ਟੀ 1999 ਅਤੇ ਮੋਬਾਈਲ ਫੋਨ ਖੋਹ ਕੇ ਜਮਸਤਪੁਰ ਵਾਲੀ ਸਾਈਡ ਫਰਾਰ ਹੋ ਗਏ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਬੱਸਾਂ ਦੇ ਰੂਟ ਹੋਏ ਬੰਦ, ਮੈਰਿਜ ਪੈਲੇਸ ਵਾਲਿਆਂ ਨੂੰ ਮੋੜਨੀਆਂ ਪੈ ਰਹੀਆਂ ਸਾਈਆਂ
ਕਿਸੇ ਰਾਹਗੀਰ ਵੱਲੋਂ ਉਸਦੇ ਪਿਤਾ ਨੂੰ ਜ਼ਖ਼ਮੀ ਕਰਨ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਉਹ ਤੁਰੰਤ ਮੌਕੇ ’ਤੇ ਪੁੱਜਾ ਅਤੇ ਪਿਤਾ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਹੱਥ 'ਤੇ ਸੱਤ ਟਾਂਕੇ ਲਗਾਉਣ ਅਤੇ ਮਰਹਮ ਪੱਟੀ ਕਰਨ ਤੋਂ ਬਾਅਦ ਘਰ ਭੇਜ ਦਿੱਤਾ। ਸਮੀਰ ਚੋਪੜਾ ਨੇ ਦੱਸਿਆ ਕਿ ਸ਼ਹਿਰ ਵਿਚ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੇ ਜਿੱਥੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ, ਉਥੇ ਹੀ ਲੁਟੇਰੇ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ ਰਹੇ ਹਨ। ਉਨ੍ਹਾਂ ਰੋਸ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਇਸ ਵਾਰਦਾਤ ਦੀ ਸੂਚਨਾ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਲਿਖਤੀ ਰੂਪ ਵਿਚ ਦੇਣ ਦੇ ਬਾਵਜੂਦ ਰਾਤ 8 ਵਜੇ ਤੱਕ ਕਿਸੇ ਵੀ ਪੁਲਸ ਕਰਮਚਾਰੀ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ। ਉਨ੍ਹਾਂ ਜ਼ਿਲ੍ਹੇ ਦੇ ਐੱਸ.ਐੱਸ.ਪੀ ਅਤੇ ਡੀ.ਆਈ.ਜੀ ਫਿਰੋਜ਼ਪੁਰ ਰੇਂਜ ਪਾਸੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਸ਼ਹਿਰ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਵਿਚ ਪੁਲਸ ਵੱਲੋਂ ਠੋਸ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਪੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਭਾਲ ਪੁਲਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8