ਲੁਟੇਰਿਆਂ ਨੇ ਨਿੱਜੀ ਕੰਪਨੀ ਦੇ ਮੁਲਾਜ਼ਮਾਂ ਕੋਲੋਂ ਖੋਹੇ 2.44 ਲੱਖ ਰੁਪਏ

Tuesday, Apr 27, 2021 - 06:08 PM (IST)

ਗੁਰਦਾਸਪੁਰ (ਹਰਮਨ) : ਗੁਰਦਾਸਪੁਰ ਦੇ ਕਲਾਨੌਰ ਰੋਡ ਸਥਿਤ ਰੋਜ਼ ਐਵੇਨਿਊ ਕਾਲੋਨੀ ’ਚ ਇਕ ਨਿੱਜੀ ਫਾਈਨਾਂਸ ਕੰਪਨੀ ਦੇ ਮੁਲਾਜ਼ਮਾਂ ਕੋਲੋਂ ਦਸਤੀ ਹਥਿਆਰਾਂ ਦੀ ਨੋਕ ’ਤੇ ਨਕਾਬਪੋਸ਼ ਮੋਟਰਸਾਈਕਲਾਂ ਸਵਾਰਾਂ ਨੇ 2.44 ਲੱਖ ਰੁਪਏ ਲੁੱਟ ਲਏ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਪੀ. (ਡੀ) ਹਰਵਿੰਦਰ ਸਿੰਘ ਸੰਧੂ, ਡੀ. ਐੱਸ. ਪੀ. ਰਾਜੇਸ਼ ਕੱਕੜ ਅਤੇ ਹੋਰ ਪੁਲਸ ਫੋਰਸ ਨੇ ਮੌਕੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਹ ਲੁਟੇਰੇ ਇਕ ਰਿਜ਼ੋਰਟ ਦੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਏ ਹਨ, ਜਿਸ ਦੀ ਫੁਟੇਜ ਦੇ ਆਧਾਰ ’ਤੇ ਪੁਲਸ ਨੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਡੀ. ਐੱਸ. ਪੀ. ਰਾਜੇਸ਼ ਕੱਕੜ ਨੇ ਦੱਸਿਆ ਕਿ ਪੀੜਤ ਮੁਲਾਜ਼ਮਾਂ ਦੇ ਬਿਆਨਾਂ ਅਨੁਸਾਰ ਰੋਜ਼ ਐਵੇਨਿਊ ਕਾਲੋਨੀ ਦੇ ਇਕ ਘਰ ’ਚ ਇਕ ਪ੍ਰਾਈਵੇਟ ਫਾਈਨਾਂਸ ਕੰਪਨੀ ਦਾ ਦਫ਼ਤਰ ਹੈ, ਜਿਥੇ ਲੋਕ ਆਪਣੀਆਂ ਕਿਸ਼ਤਾਂ ਜਮ੍ਹਾ ਕਰਵਾਉਂਦੇ ਹਨ। ਇਸ ਕੰਪਨੀ ਦੇ ਮੁਲਾਜ਼ਮ ਇਕੱਤਰ ਕੀਤੇ ਪੈਸੇ ਬੈਂਕ ’ਚ ਜਮ੍ਹਾ ਕਰਵਾਉਣ ਲਈ ਜਾਂਦੇ ਹਨ। ਅੱਜ ਜਦੋਂ ਕੰਪਨੀ ਨਾਲ ਸਬੰਧਤ ਰਜਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਅੰਮ੍ਰਿਤਸਰ ਅਤੇ ਨਰੇਸ਼ ਕੁਮਾਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਬੈਂਕ ’ਚ ਪੈਸੇ ਜਮ੍ਹਾ ਕਰਵਾਉਣ ਲਈ ਜਾ ਰਹੇ ਸੀ, ਇਸ ਦੌਰਾਨ ਜਦੋਂ ਉਹ ਦਫ਼ਤਰ ਤੋਂ ਬਾਹਰ ਨਿਕਲੇ ਸਨ ਤਾਂ ਗਲੀ ਵਿਚ ਹੀ ਪਿਛਲੀ ਸਾਈਡ ’ਤੇ ਇਕ ਮੋਟਰਸਾਈਕਲ ਉਪਰ ਆਏ ਨਕਾਬਪੋਸ਼ ਹਮਲਾਵਰਾਂ ਨੇ ਆਉਂਦੇ ਹੀ ਉਨ੍ਹਾਂ ’ਤੇ ਦਾਤਰ ਨਾਲ ਵਾਰ ਕੀਤਾ ਪਰ ਉਹ ਵਾਲ-ਵਾਲ ਬਚ ਗਏ।

ਉਪਰੰਤ ਉਕਤ ਲੁਟੇਰੇ ਉਨ੍ਹਾਂ ਦੇ ਹੱਥ ’ਚੋਂ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਇਸ ਮੌਕੇ ਥਾਣਾ ਮੁਖੀ ਜਬਰਜੀਤ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਪਹੁੰਚੇ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ।


Gurminder Singh

Content Editor

Related News