2 ਰੋਜ਼ਾ ਹੜਤਾਲ ਦੇ ਪਹਿਲੇ ਦਿਨ ਰੋਡਵੇਜ਼ ਕਰਮਚਾਰੀਆਂ ਨੇ ਬੱਸਾਂ ਦਾ ਚੱਕਾ ਰੱਖਿਆ ਜਾਮ

02/21/2018 3:08:22 PM

ਨਵਾਂਸ਼ਹਿਰ (ਤ੍ਰਿਪਾਠੀ)— ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਪੰਜਾਬ ਰੋਡਵੇਜ਼ ਨਵਾਂਸ਼ਹਿਰ ਡੀਪੂ ਦੇ ਕਰਮਚਾਰੀਆਂ ਨੇ ਅੱਜ 2 ਰੋਜ਼ਾ ਪੂਰਨ ਹੜਤਾਲ  ਦੇ ਮੱਦੇ ਨਜ਼ਰ ਪੂਰੇ ਤੌਰ 'ਤੇ ਬੱਸਾਂ ਦਾ ਚੱਕਾ ਜਾਮ ਰੱਖਿਆ। ਪ੍ਰਦਰਸ਼ਨਕਾਰੀਆਂ ਨੇ ਅੰਬੇਦਕਰ ਚੌਂਕ 'ਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਵੀ ਕੀਤਾ। ਰੋਸ਼ ਧਰਨੇ ਨੂੰ ਸੰਬੋਧਨ ਕਰਦੇ ਹੋਏ ਏਟਕ ਦੇ ਜਨਰਲ ਸਕੱਤਰ ਦਵਿੰਦਰ ਕੁਮਾਰ, ਇੰਟਕ ਦੇ ਜਨਰਲ ਸਕੱਤਰ ਮਨਜੀਤ ਸਿੰਘ, ਕੰਡਕਟਰ ਯੂਨੀਅਨ ਪ੍ਰਧਾਨ ਅਜੀਤ ਸਿੰਘ ਅਤੇ ਡਰਾਈਵਰ ਯੂਨੀਅਨ ਦੇ ਪ੍ਰਧਾਨ ਧਰਮਵੀਰ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਰੋਡਵੇਜ਼ ਕਰਮਚਾਰੀਆਂ ਦੀਆਂ ਬਹੁਤ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨੂੰ ਲਗਾਤਾਰ ਅਣਡਿੱਠਾ ਕਰ ਰਹੀ ਹੈ, ਜਿਸ ਕਾਰਨ ਸਮੂਹ ਕਰਮਚਾਰੀਆਂ 'ਚ ਸਰਕਾਰ ਖਿਲਾਫ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। 
ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਪੰਜਾਬ ਦੀ ਸੱਤਾ ਸੰਭਾਲਣ ਬਾਅਦ ਕਾਂਗਰਸ ਸਰਕਾਰ ਤੋਂ ਬਹੁਤ ਉਮੀਦਾਂ ਸਨ ਪਰ ਹਾਲੇ ਤੱਕ ਦੀ ਨਵੀਂ ਸਰਕਾਰ ਦੀਆਂ ਨੀਤੀਆਂ 'ਚ ਕੁਝ ਵੀ ਨਵਾਂ ਦੇਖਣ ਨੂੰ ਨਹੀਂ ਮਿਲਿਆ, ਜਿਸ ਕਾਰਨ ਪ੍ਰਾਈਵੇਟ ਟ੍ਰਾਂਸਪੋਰਟ ਕੰਪਨੀਆਂ ਦੇ ਦਬਦਬੇ ਕਾਰਨ ਰੋਡਵੇਜ਼ ਨੂੰ ਆਰਥਿਕ ਘਾਟਾ ਹੋ ਰਿਹਾ ਹੈ। ਅਕਾਲੀ ਦਲ ਵਿੰਗ  ਦੇ ਪ੍ਰਧਾਨ ਸੋਢੀ ਸਿੰਘ, ਵਰਕਸ਼ਾਪ ਯੂਨੀਅਨ ਦੇ ਪ੍ਰਧਾਨ ਪ੍ਰੀਤਮ ਭਗਤ, ਪਨਬਸ ਦੇ ਆਗੂ ਅਸ਼ੋਕ ਰੋੜੀ ਅਤੇ ਦੰਸੋਧਾ ਸਿੰਘ ਨੇ ਕਿਹਾ ਕਿ ਸਰਕਾਰ ਦੀ ਕਰਮਚਾਰੀ ਅਤੇ ਰੋਡਵੇਜ਼ ਵਿਰੋਧੀ ਨੀਤੀਆਂ ਦੇ ਵਿਰੋਧ 'ਚ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਤੋਂ 2 ਰੋਜ਼ਾ ਪੂਰਨ ਹੜਤਾਲ ਰੱਖ ਕੇ ਪੰਜਾਬ ਭਰ 'ਚ ਰੋਡਵੇਜ਼ ਦਾ ਚੱਕਾ ਠੱਪ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਰੋਡਵੇਜ਼ ਕਰਮਚਾਰੀਆਂ ਦੀਆਂ ਮੰਗਾਂ ਨੂੰ ਲਮਕਾਉਣ ਦੀਆਂ ਨੀਤੀਆਂ ਦਾ ਤਿਆਗ ਕਰਕੇ ਛੇਤੀ ਮੰਗਾਂ ਨੂੰ ਮਨਜ਼ੂਰ ਨਾ ਕੀਤਾ ਤਾਂ ਸਾਂਝੀ ਐਕਸ਼ਨ ਕਮੇਟੀ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰੇਗੀ। 
ਕੀ ਹਨ ਕਰਮਚਾਰੀਆਂ ਦੀਆਂ ਮੰਗਾਂ 
ਕੰਡਕਟਰ ਯੂਨੀਅਨ ਦੇ ਪ੍ਰਧਾਨ ਅਜੀਤ ਸਿੰਘ ਨੇ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਰੋਡਵੇਜ਼ ਦੇ ਬੇੜੇ 'ਚ 350 ਨਵੀਆਂ ਬੱਸਾਂ ਪਾਈਆਂ ਜਾਣ, ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਪਿਛਲੇ 22 ਮਹੀਨਿਆਂ ਤੋਂ ਲਟਕਿਆ ਡੀ. ਏ. ਰਿਲੀਜ ਕੀਤਾ ਜਾਵੇ, ਖਜਾਨਾ ਦਫਤਰਾਂ 'ਚ ਲੱਗੀ ਰੋਕ ਹਟਾਈ ਜਾਵੇ, ਠੇਕੇ 'ਤੇ ਕੰਮ ਕਰਦੇ ਸਮੂਹ ਕਰਮਚਾਰੀਆਂ ਨੂੰ ਰੈਗੁਲਰ ਕੀਤਾ ਜਾਵੇ, ਕਿਲੋਮੀਟਰ ਸਕੀਮ ਦੀਆਂ ਬੱਸਾਂ ਨੂੰ ਬੰਦ ਕਰਕੇ ਰੋਡਵੇਜ਼ ਦੇ ਬੇਡੇ 'ਚ ਪਾਇਆ ਜਾਵੇ, ਪੰਜਾਬ 'ਚ ਚੱਲ ਰਹੇ 12, 210 ਨਜਾਇਜ ਰੂਟਾਂ ਨੂੰ ਬੰਦ ਕਰਕੇ ਰੋਡਵੇਜ਼ ਦੀਆਂ ਬੱਸਾਂ ਨੂੰ ਅਲਾਟ ਕੀਤੇ ਜਾਵੇ, ਨਿੱਜੀ ਟ੍ਰਾਂਸਪੋਰਟ ਨੂੰ ਲਾਭ ਦੇਣ ਲਈ ਨਜਾਇਜ ਤੌਰ 'ਤੇ ਦਿੱਤੇ ਗਏ ਟਾਈਮ ਟੇਬਲ ਬੰਦ ਕਰਕੇ ਸਰਕਾਰੀ ਬੱਸਾਂ ਨੂੰ ਦਿੱਤੇ ਜਾਣ ।  


Related News