ਪਹਿਲੇ 2 ਪੜਾਵਾਂ ’ਚ ਮਹਿਲਾ ਵੋਟਰਾਂ ਦੀ ਵੋਟਿੰਗ ’ਚ ਕਮੀ ਦੇ ਕੀ ਹਨ ਮਾਅਨੇ!

05/04/2024 6:22:19 PM

ਨਵੀਂ ਦਿੱਲੀ- ਚੋਣ ਕਮਿਸ਼ਨ (ਈ. ਸੀ. ਆਈ.) ਦੇ ਅੰਕੜੇ ਦਰਸਾਉਂਦੇ ਹਨ ਕਿ ਲੋਕ ਸਭਾ ਚੋਣਾਂ 2024 ਦੇ ਪਹਿਲੇ 2 ਪੜਾਵਾਂ ਵਿਚ ਸਿਆਸੀ ਪਾਰਟੀਆਂ ਵੱਲੋਂ ਔਰਤਾਂ ਦੇ ਮੁੱਦਿਆਂ ’ਤੇ ਆਪਣੀ ਮੁਹਿੰਮ ਕੇਂਦਰਿਤ ਕਰਨ ਦੇ ਬਾਵਜੂਦ ਮਹਿਲਾ ਵੋਟਰਾਂ ਦੀ ਵੋਟਿੰਗ ਵਿਚ ਕਮੀ ਆਈ ਹੈ। ਜ਼ਿਆਦਾਤਰ ਰਾਜਾਂ ਵਿਚ 2019 ਦੇ ਮੁਕਾਬਲੇ 2024 ਵਿਚ ਮਹਿਲਾ ਵੋਟਰਾਂ ਵਿਚ ਵੋਟਿੰਗ ਵਿਚ ਗਿਰਾਵਟ ਦੇਖੀ ਗਈ ਹੈ, ਜੋ ਕਿ ਇਸ ਵਾਰ ਚੋਣ ਹਲਕਿਆਂ ਵਿਚ ਆਮ ਵੋਟਿੰਗ ਰੁਝਾਨ ਵਾਂਗ ਹੈ।

ਪਹਿਲੇ ਦੋ ਪੜਾਵਾਂ ਵਿਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਵੋਟ ਫੀਸਦੀ ਘੱਟ ਗਈ ਹੈ। 2019 ਦੇ ਮੁਕਾਬਲੇ ਇਸ ਵਾਰ ਪਹਿਲੇ ਦੋ ਪੜਾਵਾਂ ਵਿਚ ਮਰਦਾਂ ਦੇ ਮੁਕਾਬਲੇ ਔਰਤਾਂ ਦੀਆਂ ਵੋਟਾਂ ਵਿਚ ਕਰੀਬ 0.8 ਫੀਸਦੀ ਦੀ ਕਮੀ ਆਈ ਹੈ। ਇਸ ਦੇ ਉਲਟ ਮੇਘਾਲਿਆ ਅਤੇ ਸਿੱਕਮ ਵਿਚ ਔਰਤਾਂ ਦੀ ਵੋਟਿੰਗ ਵਿਚ ਵਾਧਾ ਦੇਖਿਆ ਗਿਆ ਹੈ। ਲਕਸ਼ਦੀਪ, ਅਰੁਣਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਵਿਚ ਇਸ ਵਾਰ ਔਰਤਾਂ ਵਿਚ ਸਭ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ, ਜੋ ਕਿ ਇਨ੍ਹਾਂ ਰਾਜਾਂ ਵਿਚ ਆਮ ਵੋਟਿੰਗ ਰੁਝਾਨ ਦੇ ਅਨੁਸਾਰ ਹੈ। 2019 ਵਿਚ ਵੀ ਇਨ੍ਹਾਂ ਰਾਜਾਂ ਵਿਚ ਔਰਤਾਂ ਦੀ ਵੋਟ ਫੀਸਦੀ ਬਹੁਤ ਜ਼ਿਆਦਾ ਰਹੀ ਸੀ।

ਵੋਟਿੰਗ ਫੀਸਦੀ ਵਿਚ ਕਮੀ ਦਾ ਕੀ ਪਵੇਗਾ ਅਸਰ

ਜੇਕਰ ਲੋਕ ਸਭਾ ਚੋਣਾਂ 2024 ਦੇ ਬਾਕੀ 5 ਪੜਾਵਾਂ ਵਿਚ ਵੀ ਇਹੀ ਰੁਝਾਨ ਜਾਰੀ ਰਿਹਾ ਤਾਂ ਮਹਿਲਾ ਵੋਟਰਾਂ ਦੀ ਵੋਟ ਫੀਸਦੀ ਵਿਚ ਬਦਲਾਅ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਈ. ਸੀ. ਆਈ ਅੰਕੜਿਆਂ ਮੁਤਾਬਕ 2019 ਦੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਪਹਿਲੇ ਦੋ ਪੜਾਵਾਂ ’ਚ ਵੋਟਿੰਗ ’ਚ 2.8 ਤੋਂ 3.3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਾਲ ਚੋਣਾਂ ਦੇ ਪਹਿਲੇ ਪੜਾਅ ’ਚ 66.14 ਫੀਸਦੀ (ਮਰਦ ਅਤੇ ਔਰਤ) ਅਤੇ ਦੂਜੇ ਪੜਾਅ ’ਚ 66.71 ਫੀਸਦੀ ਵੋਟਿੰਗ ਦਰਜ ਕੀਤੀ ਗਈ। 2019 ’ਚ ਇਨ੍ਹਾਂ ਸੀਟਾਂ ’ਤੇ ਕ੍ਰਮਵਾਰ 69.4 ਅਤੇ 69.6 ਫੀਸਦੀ ਜ਼ਿਆਦਾ ਵੋਟਿੰਗ ਹੋਈ ਸੀ।

ਜਿੱਥੇ ਮਰਦਾਂ ਅਤੇ ਔਰਤਾਂ ਦੋਵਾਂ ਲਈ ਕੁੱਲ ਵੋਟਿੰਗ ਲੱਗਭਗ 66 ਫਈਸਦੀ ਰਹੀ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਵਧੇਰੇ ਆਬਾਦੀ ਵਾਲੇ ਰਾਜਾਂ ਵਿਚ ਦੋਵਾਂ ਪੜਾਵਾਂ ਵਿਚ ਔਰਤਾਂ ਵਿਚ ਘੱਟ ਵੋਟਿੰਗ ਫੀਸਦੀ ਦਰਜ ਕੀਤੀ ਗਈ। ਉਦਾਹਰਨ ਲਈ, ਪਹਿਲੇ ਪੜਾਅ ਵਿਚ ਮਹਾਰਾਸ਼ਟਰ ਵਿਚ 65.7 ਫੀਸਦੀ ਮਰਦਾਂ ਨੇ ਵੋਟ ਪਾਈ, ਜਦੋਂ ਕਿ ਔਰਤਾਂ ਦੀ ਵੋਟ ਫੀਸਦੀ 61.6 ਫੀਸਦੀ ਦਰਜ ਕੀਤੀ ਗਈ। ਦੂਜੇ ਪੜਾਅ ਦੇ ਅੰਕੜਿਆਂ ਮੁਤਾਬਕ ਮਹਾਰਾਸ਼ਟਰ ਵਿਚ 65.5 ਫੀਸਦੀ ਮਰਦਾਂ ਅਤੇ 59.6 ਫੀਸਦੀ ਔਰਤਾਂ ਨੇ ਵੋਟ ਪਾਈ। ਚੰਦਰਪੁਰ, ਭੰਡਾਰਾ ਗੋਂਦੀਆ ਅਤੇ ਨਾਗਪੁਰ ਵਰਗੇ ਸਥਾਨਾਂ ਦੇ ਨਾਲ-ਨਾਲ ਮੱਧ ਪ੍ਰਦੇਸ਼, ਰਾਜਸਥਾਨ ਅਤੇ ਯੂ. ਪੀ. ਦੇ ਕਈ ਹਲਕਿਆਂ ਵਿਚ ਮਰਦਾਂ ਅਤੇ ਔਰਤਾਂ ਦੀ ਵੋਟ ਫੀਸਦੀ ਵਿਚ ਵੱਡਾ ਫਰਕ ਦੇਖਿਆ ਗਿਆ ਹੈ।


Rakesh

Content Editor

Related News