ਭਾਰੀ ਬਾਰਿਸ਼ ਨਾਲ ਸੜਕਾਂ ਬਣੀਆਂ ਨਹਿਰਾਂ ਤੇ ਪਾਰਕ ਬਣੇ ਤਲਾਬ

08/22/2017 7:35:45 AM

ਮੋਹਾਲੀ, (ਨਿਆਮੀਆਂ)- ਮੋਹਾਲੀ ਵਿਚ ਅੱਜ ਸ਼ਾਇਦ ਪਹਿਲੀ ਵਾਰ ਇੰਨਾ ਬਰਸਾਤੀ ਪਾਣੀ ਹੋ ਗਿਆ ਕਿ ਪੂਰਾ ਸ਼ਹਿਰ ਪਾਣੀ ਵਿਚ ਡੁੱਬ ਗਿਆ। ਸੜਕਾਂ ਨੇ ਨਹਿਰਾਂ ਦਾ ਰੂਪ ਧਾਰਨ ਕਰ ਲਿਆ ਅਤੇ ਪਾਰਕ ਤਲਾਬ ਬਣ ਗਏ। ਇਥੋਂ ਤਕ ਕਿ ਏਅਰਪੋਰਟ ਰੋਡ ਵੀ ਜ਼ਿਆਦਾ ਬਰਸਾਤੀ ਪਾਣੀ ਨਾਲ ਨੁਕਸਾਨਿਆ ਗਿਆ। ਉਨ੍ਹਾਂ ਗੱਡੀਆਂ ਦੀ ਕੋਈ ਗਿਣਤੀ ਹੀ ਨਹੀਂ ਹੈ, ਜੋ ਇਸ ਪਾਣੀ ਕਾਰਨ ਬੰਦ ਅਤੇ ਖਰਾਬ ਹੋ ਗਈਆਂ।
ਲੋਕਾਂ ਨੂੰ 5 ਮਿੰਟ ਦਾ ਸਫਰ ਤੈਅ ਕਰਨ ਲਈ ਡੇਢ ਤੋਂ ਦੋ ਘੰਟੇ  ਲੱਗੇ। ਦੇਰ ਸ਼ਾਮ ਤਕ ਪਟਿਆਲਾ ਦੀ ਨਦੀ ਜ਼ਿਆਦਾ ਪਾਣੀ ਨਾਲ ਭਰ ਕੇ ਚੱਲ ਰਹੀ ਸੀ, ਜਿਸ ਨਾਲ ਚੱਪੜਚਿੜੀ ਵੱਲ ਜਾਣ ਵਾਲੇ ਰਸਤੇ 'ਤੇ ਪਾਣੀ ਹੀ ਪਾਣੀ ਘੁੰਮ ਰਿਹਾ ਸੀ ਅਤੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਸੜਕ ਦੇ ਦੋਵੇਂ ਪਾਸੇ ਲੱਗੀਆਂ ਹੋਈਆਂ ਸਨ। ਸਮਾਜ ਸੇਵੀ ਇੰਜੀਨੀਅਰ ਪੀ. ਐੱਸ. ਵਿਰਦੀ ਦਾ ਕਹਿਣਾ ਸੀ ਕਿ ਅੱਜ ਤਕ ਮੋਹਾਲੀ ਵਿਚ ਇੰਨਾ ਪਾਣੀ ਉਨ੍ਹਾਂ ਨੇ ਕਦੇ ਵੀ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਇਸ ਲਈ ਗਮਾਡਾ ਅਤੇ ਨਗਰ ਨਿਗਮ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਸਮਾਂ ਰਹਿੰਦੇ ਰੋਡ-ਗਲੀਆਂ ਆਦਿ ਦੀ ਸਫਾਈ ਨਹੀਂ ਕੀਤੀ ਅਤੇ ਸੀਵਰੇਜ ਦੀ ਸਫਾਈ ਨਹੀਂ ਹੋਈ।
ਉਧਰ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਦੋਸ਼ ਲਗਾਇਆ ਕਿ ਜੇਕਰ ਸਮਾਂ ਰਹਿੰਦੇ ਪ੍ਰਸ਼ਾਸਨ ਇਸ ਵੱਲ ਧਿਆਨ ਦਿੰਦਾ ਅਤੇ ਨਗਰ ਨਿਗਮ ਅਤੇ ਗਮਾਡਾ ਸੀਵਰੇਜ ਦੀਆਂ ਭਰੀਆਂ ਹੋਈਆਂ ਲਾਈਨਾਂ ਖੋਲ੍ਹ ਦਿੰਦੇ ਤਾਂ ਲੋਕਾਂ ਨੂੰ ਇਹ ਹਾਲਤ ਨਾ ਦੇਖਣੀ ਪੈਂਦੀ।  
ਭਾਰੀ ਬਰਸਾਤ ਕਾਰਨ ਕੁਝ ਹੀ ਸਮੇਂ ਵਿਚ ਵੱਡੀ ਮਾਤਰਾ ਵਿਚ ਪਾਣੀ ਪੂਰੇ ਸ਼ਹਿਰ ਵਿਚ ਇਕੱਠਾ ਹੋ ਗਿਆ ਪਰ ਪਾਣੀ ਦੀ ਨਿਕਾਸੀ ਦੇ ਨਾਕਸ ਪ੍ਰਬੰਧ ਹੋਣ ਕਾਰਨ ਸ਼ਹਿਰ ਕਈ ਘੰਟਿਆਂ ਤਕ ਪਾਣੀ ਵਿਚ ਡੁੱਬਿਆ ਰਿਹਾ। ਲੋਕ ਆਪਣੇ ਘਰਾਂ ਵਿਚ ਦਾਖਲ ਹੋਏ ਪਾਣੀ ਨੂੰ ਬਾਹਰ ਕੱਢਣ ਅਤੇ ਘਰ ਦਾ ਸਾਮਾਨ ਖਰਾਬ ਹੋਣ ਤੋਂ ਬਚਾਉਣ ਲਈ ਹੱਥ-ਪੈਰ ਮਾਰਦੇ ਰਹੇ। ਇਹ ਬਰਸਾਤ ਲਗਭਗ ਸਾਢੇ 7 ਵਜੇ ਸ਼ੁਰੂ ਹੋਈ ਅਤੇ ਢਾਈ ਘੰਟੇ ਤਕ ਲਗਾਤਾਰ ਚੱਲੀ। ਸੜਕਾਂ 'ਤੇ ਲੰਬੇ-ਲੰਬੇ ਜਾਮ ਸਨ ਕਿਉਂਕਿ ਹਰ ਥਾਂ ਘੱਟ ਤੋਂ ਘੱਟ 2 ਫੁੱਟ ਤਕ ਪਾਣੀ ਖੜ੍ਹਾ ਸੀ। ਫੇਜ਼-3ਬੀ2, 5, ਸੈਕਟਰ-70 ਤੇ 71, ਫੇਜ਼-11, 3ਬੀ1, 2 ਅਤੇ 1 ਵਿਚ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਕਿਉਂਕਿ ਇਥੇ ਪਾਣੀ ਦਾ ਅਸਰ ਜ਼ਿਆਦਾ ਸੀ। ਕੌਂਸਲਰ ਕੁਲਜੀਤ ਸਿੰਘ ਬੇਦੀ ਇਸ ਭਾਰੀ ਬਰਸਾਤ ਦੇ ਬਾਵਜੂਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਫੇਜ਼-3ਬੀ1 ਵਿਚ ਪਾਣੀ ਦੀ ਨਿਕਾਸੀ ਕਰਵਾਉਣ ਦੀ ਕੋਸ਼ਿਸ਼ ਵਿਚ ਲੱਗੇ ਰਹੇ।
ਅੰਤ ਵਿਚ ਲੋਕਾਂ ਨੇ ਇਕੱਠੇ ਹੋ ਕੇ ਫੇਜ਼-3ਬੀ2 ਅਤੇ ਸੈਕਟਰ-71 ਨੂੰ ਵੰਡਣ ਵਾਲੀ ਸੜਕ ਦੇ ਕਿਨਾਰੇ ਗਮਾਡਾ ਵਲੋਂ ਬਣਾਈਆ ਗਈਆਂ ਕੰਧਾਂ ਨੂੰ ਤੋੜ ਕੇ ਉਥੋਂ ਪਾਣੀ ਦੀ ਨਿਕਾਸ ਕੀਤੀ । ਬੇਦੀ ਨੇ ਕਿਹਾ ਕਿ ਪ੍ਰਸ਼ਾਸਨ ਬਰਸਾਤੀ ਪਾਣੀ ਦੀ ਨਿਕਾਸੀ ਉੱਚਿਤ ਤਰੀਕੇ ਨਾਲ ਕਰਵਾਉਣ ਵਿਚ ਅਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਲ 22 ਅਗਸਤ ਨੂੰ ਉਹ ਗਮਾਡਾ, ਪਬਲਿਕ ਹੈਲਥ ਅਤੇ ਨਗਰ ਨਿਗਮ ਵਿਚ ਆਰ. ਟੀ. ਆਈ. ਵਲੋਂ ਇਨ੍ਹਾਂ ਵਿਭਾਗਾਂ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਗਏ ਖਰਚੇ ਦੀ ਜਾਣਕਾਰੀ ਮੰਗਣਗੇ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿਉਂਕਿ ਇਸ ਕੰਮ 'ਚ ਵੱਡਾ ਘਪਲਾ ਹੋਇਆ ਹੈ।
ਫੇਜ਼-5 ਵਿਚ ਲੋਕਾਂ ਨੇ ਜਾਮ ਲਗਾ ਕੇ ਕੀਤੀ ਨਾਅਰੇਬਾਜ਼ੀ
ਸਥਾਨਕ ਫੇਜ਼-5 ਵਿਚ ਹਰ ਵਾਰ ਬਰਸਾਤ ਹੋਣ 'ਤੇ ਲੋਕਾਂ ਨੂੰ ਪਾਣੀ ਕਾਰਨ ਪ੍ਰੇਸ਼ਾਨ ਹੋਣਾ ਪੈਂਦਾ ਸੀ। ਅੱਜ ਲੋਕਾਂ ਦੇ ਘਰਾਂ ਵਿਚ ਪਾਣੀ ਦਾਖਲ ਹੋ ਗਿਆ ਅਤੇ ਉਨ੍ਹਾਂ ਦਾ ਕੀਮਤੀ ਸਾਮਾਨ ਖਰਾਬ ਹੋ ਗਿਆ। ਪ੍ਰੇਸ਼ਾਨ ਹੋਏ ਲੋਕਾਂ ਨੇ ਜਾਮ ਲਗਾ ਕੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਫੇਜ਼-1 ਅਤੇ ਪਿੰਡ ਮੋਹਾਲੀ ਵਿਚ ਵੀ ਲੋਕਾਂ ਦੇ ਘਰਾਂ ਵਿਚ ਬਰਸਾਤੀ ਪਾਣੀ ਦਾਖਲ ਹੋ ਗਿਆ।
ਸੈਕਟਰ-70 ਵਿਚ ਪਿੰਡ ਮਟੌਰ ਨੇੜੇ 4-4 ਫੁੱਟ ਤਕ ਪਾਣੀ ਭਰਿਆ ਹੋਇਆ ਸੀ ਅਤੇ ਕਾਰਾਂ ਛੱਤਾਂ ਤਕ ਪਾਣੀ ਵਿਚ ਡੁੱਬੀਆਂ ਹੋਈਆਂ ਸਨ। ਚੰਡੀਗੜ੍ਹ ਤੋਂ ਆ ਰਹੇ ਬਰਸਾਤੀ ਨਾਲੇ ਦੇ ਓਵਰ ਫਲੋਅ ਹੋਣ ਕਾਰਨ ਪਾਣੀ ਫੇਜ਼-9 ਦੀਆਂ ਸੜਕਾਂ ਅਤੇ ਕੋਠੀਆਂ ਵਿਚ ਦਾਖਲ ਹੋਣ ਲੱਗਿਆ। ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਲਾਪ੍ਰਵਾਹੀ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ, ਜਿਸ ਨਾਲ ਲੋਕਾਂ ਦੇ ਘਰਾਂ ਵਿਚ ਪਾਣੀ ਦਾਖਲ ਹੋਣ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ।
ਫੇਜ਼-11 ਵਿਚ ਚਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਸੀ। ਵਾਈ. ਪੀ. ਐੱਸ. ਚੌਕ, ਕੁੰਭੜਾ ਚੌਕ, ਸੋਹਾਣਾ ਚੌਕ ਅਤੇ ਸੜਕਾਂ 'ਤੇ ਪਾਣੀ ਹੀ ਪਾਣੀ ਹੋਣ ਕਾਰਨ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਗੁਰਦੁਆਰਾ ਸਿੰਘ ਸ਼ਹੀਦਾਂ ਦੇ ਸਾਹਮਣੇ ਕਈ ਘੰਟਿਆਂ ਤਕ ਵਾਹਨਾਂ ਦਾ ਜਾਮ ਲੱਗਿਆ ਰਿਹਾ ਅਤੇ ਹਜ਼ਾਰਾਂ ਲੋਕ ਇਸ ਜਾਮ ਵਿਚ ਫਸੇ ਰਹੇ। ਪਿੰਡ ਸੋਹਾਣਾ, ਮਟੌਰ, ਸ਼ਾਹੀ ਮਾਜਰਾ, ਮੋਹਾਲੀ, ਪਿੰਡ ਬਲੌਂਗੀ ਅਤੇ ਲਖਨੌਰ ਦੇ ਹੇਠਲੇ ਹਿੱਸਿਆਂ ਵਿਚ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


Related News