ਮੋਟਰਸਾਈਕਲ ਦੀ ਟੱਕਰ ਨਾਲ ਬਜ਼ੁਰਗ ਔਰਤ ਦੀ ਮੌਤ
Saturday, Jul 01, 2017 - 06:33 PM (IST)

ਹੁਸ਼ਿਆਰਪੁਰ(ਜ.ਬ.)— ਸੜਕ ਪਾਰ ਕਰ ਰਹੀ ਇਕ ਬਜ਼ੁਰਗ ਔਰਤ ਸਰਸਵਤੀ ਦੇਵੀ ਪਤਨੀ ਰਾਮ ਦਾਸ ਵਾਸੀ ਭਾਰਟਾ ਨੂੰ ਤੇਜ਼ ਰਫਤਾਰ ਮੋਟਰਸਾਈਕਲ ਸਵਾਰਾਂ ਨੇ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਮੋਟਰਸਾਈਕਲ ਸਵਾਰ ਅਤੇ ਉਕਤ ਔਰਤ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਜ਼ਖਮੀ ਹੋਏ ਸਰਸਵਤੀ ਅਤੇ ਮੋਟਰਸਾਈਕਲ ਸਵਾਰ ਹਰਬੰਸ ਲਾਲ, ਸ਼ਿਵ ਅਤੇ ਜੱਸੀ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦਾਖਲ ਕਰਵਾਇਆ ਗਿਆ, ਜਿੱਥੋਂ ਸਰਸਵਤੀ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਉਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ। ਥਾਣਾ ਮਾਹਿਲਪੁਰ ਦੀ ਪੁਲਸ ਨੂੰ ਬਜ਼ੁਰਗ ਔਰਤ ਦੇ ਪਤੀ ਰਾਮ ਦਾਸ ਨੇ ਦਿੱਤੇ ਬਿਆਨਾਂ 'ਚ ਕਿਹਾ ਕਿ ਉਸ ਦੀ ਪਤਨੀ ਘਰ ਦੇ ਬਾਹਰ ਸਬਜ਼ੀ ਖਰੀਦ ਰਹੀ ਸੀ ਕਿ ਸੜਕ ਪਾਰ ਕਰਨ ਲੱਗਿਆਂ ਉਕਤ ਮੋਟਰਸਾਈਕਲ ਉਸ ਨਾਲ ਟੱਕਰਾ ਗਿਆ। ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਵੀ ਜ਼ਖਮੀ ਹੋ ਗਏ। ਪੁਲਸ ਨੇ ਇਸ ਸਬੰਧ 'ਚ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ।