ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ ’ਚ ਇਕ ਨੌਜਵਾਨ ਦੀ ਮੌਤ
Saturday, Sep 13, 2025 - 06:28 PM (IST)

ਸਾਹਨੇਵਾਲ/ਕੋਹਾੜਾ (ਜਗਰੂਪ) : ਥਾਣਾ ਕੂੰਮ ਕਲਾਂ ਦੀ ਚੌਕੀ ਕਟਾਣੀ ਕਲਾਂ ਅਧੀਨ ਆਉਂਦੇ ਇਲਾਕੇ ’ਚ ਦੋ ਮੋਟਰਸਾਈਕਲ ਸਵਾਰਾਂ ਦੀ ਭਿਆਨਕ ਟੱਕਰ ਇਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਸਬੰਧੀ ਥਾਣਾ ਪੁਲਸ ਨੂੰ ਸੂਚਨਾ ਦੇਣ ਵਾਲੇ ਜਤਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਜੰਡਿਆਲੀ ਨੇ ਦੱਸਿਆ ਕਿ ਮੇਰੇ ਚਾਚੇ ਦਾ ਲੜਕਾ ਜਸਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ 34 ਸਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੇਰੇ ਕੋਲ ਮਾਨਗੜ੍ਹ ਕੱਟ ’ਤੇ ਆ ਰਿਹਾ ਸੀ।
ਉਸ ਨੇ ਦੱਸਿਆ ਕਿ ਜਦੋਂ ਉਹ ਭੈਰੋਮੁੰਨਾ ਮਾਨਗੜ੍ਹ ਕੱਟ ਕੋਲ ਪਹੁੰਚਿਆ ਤਾਂ ਅਜੀਤ ਕੁਮਾਰ ਨੇ ਆਪਣਾ ਮੋਟਰਸਾਈਕਲ ਗਲਤ ਸਾਈਡ ਤੋਂ ਤੇਜ਼ ਰਫਤਾਰੀ ਨਾਲ ਚਲਾ ਕੇ ਜਸਪ੍ਰੀਤ ਸਿੰਘ ਨੂੰ ਫੇਟ ਮਾਰੀ। ਇਸ ਨਾਲ ਉਸ ਦੇ ਕਾਫੀ ਸੱਟਾਂ ਲੱਗੀਆਂ। ਜਸਪ੍ਰੀਤ ਸਿੰਘ ਨੂੰ ਜਲਦੀ ਨਾਲ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਲੈ ਕੇ ਗਏ ਤਾਂ ਡਾਕਟਰ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ’ਤੇ ਥਾਣਾ ਪੁਲਸ ਨੇ ਅਜੀਤ ਕੁਮਾਰ ਪੁੱਤਰ ਚੁਨੂੰ ਲਾਲ ਵਾਸੀ ਪਿੰਡ ਮਾਨਗੜ੍ਹ ਲੁਧਿਆਣਾ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ।