ਡਿਊਟੀ ''ਤੇ ਜਾ ਰਹੀ ਐਕਟਿਵਾ ਸਵਾਰ ਨੂੰ ਬੱਸ ਨੇ ਮਾਰੀ ਟੱਕਰ

Monday, Jan 08, 2018 - 06:12 PM (IST)

ਡਿਊਟੀ ''ਤੇ ਜਾ ਰਹੀ ਐਕਟਿਵਾ ਸਵਾਰ ਨੂੰ ਬੱਸ ਨੇ ਮਾਰੀ ਟੱਕਰ

ਕਾਠਗੜ੍ਹ (ਰਾਜੇਸ਼)— ਨਵਾਂਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਡਿਊਟੀ 'ਤੇ ਜਾ ਰਹੀ ਇਕ ਲੜਕੀ ਦੀ ਐਕਟਿਵਾ ਨੂੰ ਫੈਕਟਰੀ ਦੀ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 
ਜਾਣਕਾਰੀ ਅਨੁਸਾਰ ਕਾਠਗੜ੍ਹ ਹਲਕੇ ਦੇ ਪਿੰਡ ਮਾਣੇਵਾਲ ਦੀ ਸ਼ੀਤਲ ਖਟਾਣਾ ਪੁੱਤਰੀ ਸਵ. ਸਰਵਣ ਖਟਾਣਾ ਰੋਜ਼ਾਨਾ ਵਾਂਗ ਸਵੇਰੇ ਸਵਾ 8 ਵਜੇ ਦੇ ਕਰੀਬ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਨਵਾਂਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਡਿਊਟੀ 'ਤੇ ਜਾ ਰਹੀ ਸੀ। ਜਦੋਂ ਉਹ ਹਾਈਵੇਅ 'ਤੇ ਸਥਿਤ ਪਿੰਡ ਲੋਹਟਾਂ ਦੇ ਬੱਸ ਅੱਡੇ ਕੋਲ ਪਹੁੰਚੀ ਤਾਂ ਬਲਾਚੌਰ ਪਾਸਿਓਂ ਫੈਕਟਰੀ ਦੇ ਮੁਲਾਜ਼ਮਾਂ ਵਾਲੀ ਝੱਜ ਕੰਪਨੀ ਦੀ ਆ ਰਹੀ ਬੱਸ ਨਾਲ ਉਸ ਦੀ ਟੱਕਰ ਹੋ ਗਈ, ਜਿਸ ਵਿਚ ਸ਼ੀਤਲ ਖਟਾਣਾ (24) ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। 
ਸ਼ੀਤਲ ਖਟਾਣਾ ਨੇ ਬੀ. ਡੀ. ਐੱਸ. ਕੀਤੀ ਹੋਈ ਸੀ ਅਤੇ ਉਹ ਬਲਾਚੌਰ ਕੰਗਣਾ ਪੁਲ 'ਤੇ ਐਕਟਿਵਾ ਖੜ੍ਹੀ ਕਰਕੇ ਉਥੋਂ ਨਵਾਂਸ਼ਹਿਰ ਲਈ ਬੱਸ ਫੜਦੀ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਏ. ਐੱਸ. ਆਈ. ਰਾਮ ਪ੍ਰਕਾਸ਼ ਥਾਣਾ ਬਲਾਚੌਰ ਆਪਣੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਬੱਸ ਨੂੰ ਕਬਜ਼ੇ 'ਚ ਲੈ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਮੁਤਾਬਕ ਬੱਸ ਚਾਲਕ ਮੌਕੇ ਤੋਂ ਫਰਾਰ ਹੈ, ਜਦਕਿ ਉਸ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਲਾਚੌਰ ਦੇ ਸਿਵਲ ਹਸਪਤਾਲ 'ਚ ਪਹੁੰਚਾ ਦਿੱਤਾ ਗਿਆ ਹੈ।


Related News