ਸਮੋਗ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਨੂੰ ਕੰਟਰੋਲ ਕਰਨ ਲਈ ਵਾਹਨ ਹੌਲੀ ਚਲਾਏ ਜਾਣ : ਅਵਤਾਰ ਸੋਢੀ
Tuesday, Nov 14, 2017 - 06:34 PM (IST)

ਕਪੂਰਥਲਾ (ਮੱਲ੍ਹੀ)— ਪਿਛਲੇ ਕਈ ਦਿਨਾਂ ਤੋਂ ਪੰਜਾਬ ਅੰਦਰ ਸਮੋਗ ਦੀ ਫੈਲੀ ਚਾਦਰ ਦੀ ਸੰਘਣੀ ਪਰਛਾਈ 'ਚ ਵਾਪਰ ਰਹੇ ਸੜਕ ਹਾਦਸਿਆਂ 'ਚ ਅਜਾਈ ਜਾ ਰਹੀਆਂ ਜਾਨਾਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉੱਘੇ ਕਾਂਗਰਸ ਨੇਤਾ ਅਤੇ ਟਰਾਂਸਪੋਟਰ ਅਵਤਾਰ ਸਿੰਘ ਸੋਢੀ ਨੇ ਕਿਹਾ ਕਿ ਸਮੋਗ ਦੀ ਸੰਘਣੀ ਪਰਛਾਈ 'ਚ ਵਾਪਰ ਰਹੇ ਸੜਕ ਹਾਦਸਿਆਂ ਨੂੰ ਕੰਟਰੋਲ ਕਰਨ ਲਈ ਵਾਹਨਾਂ ਦੀ ਰਫਤਾਰ ਹੋਲੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਮੋਗ ਕਾਰਨ ਸੜਕਾਂ ਉਪਰ ਵਧੇਰੇ ਸਮਾਂ ਜੀਰੋ ਫੀਸਦੀ ਵੀ ਜੁਅਲਬਿਲਟੀ ਹੁੰਦੀ ਹੈ ਅਤੇ ਥੋੜ੍ਹੀ ਜਿਹੜੀ ਤੇਜ਼ ਰਫਤਾਰ ਨਾਲ ਝਟ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਪਿਛਲੇ 6-7 ਦਿਨਾਂ ਤੋਂ ਪੰਜਾਬ ਦੇ ਵੱਖ ਵੱਖ ਰਾਜ ਮਾਰਗਾਂ ਤੇ ਲਿੰਕ ਸੜਕਾਂ 'ਤੇ ਇਨੇ ਭਿਆਨਕ ਸੜਕ ਹਾਦਸੇ ਹੋਏ ਹਨ ਜਿਨ੍ਹਾਂ ਨੇ ਮਨੁੱਖੀ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ ਤੇ ਇਨ੍ਹਾਂ ਸੜਕ ਹਾਦਸਿਆਂ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਪਿੱਛੇ ਭਾਵੇਂ ਅਨੇਕਾਂ ਕਾਰਨ ਹੋ ਸਕਦੇ ਹਨ ਪਰ ਫਿਰ ਵੀ ਸਾਨੂੰ ਖੁਦ ਨੂੰ ਸੰਜਮ ਅਤੇ ਚੌਕਸੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਜਿੰਨਾ ਵੀ ਹੋ ਸਕੇ ਆਪਣੇ ਵਾਹਨਾਂ ਦੀ ਸਪੀਡ ਨੂੰ ਕੰਟਰੋਲ 'ਚ ਹੀ ਰੱਖਣਾ ਚਾਹੀਦਾ ਹੈ। ਸਮਾਜ ਸੇਵਕ ਤੇ ਟਰਾਂਸਪੋਰਟ ਸੰਦੀਪ ਸਹਿਗਲ ਤੇ ਜਿਲਾ ਜਨਰਲ ਸਕੱਤਰ ਕਾਂਗਰਸ ਕਮੇਟੀ ਕਪੂਰਥਲਾ ਬਲਜੀਤ ਸਿੰਘ ਕਾਲਾ ਨੇ ਕਿਹਾ ਕਿ ਇਸ 'ਚ ਕੋਈ ਸ਼ੱਕੀ ਨਹੀਂ ਕਿ ਹਰ ਕੋਈ ਇਨਸਾਨ ਕਾਹਲੀ 'ਚ ਜ਼ਿੰਦਗੀ ਜੀਅ ਰਿਹਾ ਹੈ ਅਤੇ ਤੇਜ਼ ਰਫਤਾਰ ਵਾਹਨ ਚਲਾ ਕੇ ਆਪਣੇ ਇਕ ਤੋਂ ਵੱਧ ਕੰਮ ਕਰਨਾ ਚਾਹੁੰਦਾ ਹੈ ਪਰ ਆਪਣੀ 'ਕਾਹਲ' ਕਾਰਨ ਤੇਜ ਵਾਹਨ ਚਲਾ ਰਿਹਾ ਇਨਸਾਨ ਸੜਕ ਹਾਦਸਿਆਂ ਨੂੰ ਜਨਮ ਦੇ ਰਿਹਾ ਹੈ ਉਪਰੋਂ ਮੌਸਮ ਦੀ ਖਰਾਬੀ ਉਸ ਦੀ ਘਬਰਾਹਟ ਨੂੰ ਹੋਰ ਵਧਾ ਰਹੀ ਹੈ ਸੋ ਸਾਨੂੰ ਸਾਰਿਆਂ ਨੂੰ ਮੌਸਮ ਸਾਫ ਹੋ ਜਾਣ ਤੱਕ ਆਪਣੇ ਵਾਹਨਾਂ ਦੀਆਂ ਸਾਰੀਆਂ ਲਾਈਟਾਂ (ਹੈੱਡ ਲਾਈਟ ਤੇ ਡਿੱਪਰ) ਚਾਲੂ ਹਾਲਤ 'ਚ ਰੱਖਦੇ ਹੋਏ ਉਨ੍ਹਾਂ ਨੂੰ ਆਨ ਕਰਕੇ ਤੇ ਆਪਣੇ ਵਾਹਨ ਦੀ ਰਫਤਾਰ ਬਿਲਕੁਲ ਹੋਲੀ ਕਰਕੇ ਹੀ ਸੜਕਾ 'ਤੇ ਸਫਰ ਕਰਨਾ ਚਾਹੀਦਾ ਹੈ ਤਾਂ ਜੋ ਸੜਕ ਹਾਦਸਿਆਂ ਨੂੰ ਸਹਿਜੇ ਸਹਿਜੇ ਰੋਕਿਆ ਜਾਵੇ ਤੇ ਕੀਮਤੀ ਜਾਨਾ ਬਚਾਈਆਂ ਜਾ ਸਕਣ।