ਸੜਕ ਹਾਦਸੇ ''ਚ ਔਰਤ ਦੀ ਮੌਤ
Saturday, Sep 09, 2017 - 07:20 AM (IST)
ਅਮਰਗੜ੍ਹ(ਜੋਸ਼ੀ)-ਸੜਕਾਂ 'ਤੇ ਘੁੰਮ ਰਹੇ ਬੇਸਹਾਰਾ ਪਸ਼ੂਆਂ ਕਾਰਨ ਆਏ ਦਿਨ ਵਾਪਰ ਰਹੇ ਸੜਕ ਹਾਦਸਿਆਂ ਕਾਰਨ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਗਵਾਉਣੀਆਂ ਪੈ ਰਹੀਆਂ ਹਨ, ਪਰ ਸਰਕਾਰਾਂ ਦਾ ਇਸ ਪਾਸੇ ਕੋਈ ਧਿਆਨ ਨਹੀਂ। ਅਜਿਹਾ ਹੀ ਇਕ ਹਾਦਸਾ ਵਾਪਰਨ ਕਾਰਨ ਪਿੰਡ ਉਪੋਕੀ ਦੀ ਇਕ ਔਰਤ ਦੀ ਮੌਤ ਹੋ ਗਈ। ਰੂਪ ਸਿੰਘ ਸਾਬਕਾ ਪੰਚ ਨੇ ਦੱਸਿਆ ਕਿ ਮੇਰੀ ਪੁੱਤਰੀ ਸੁਖਵਿੰਦਰ ਕੌਰ (45 ਸਾਲ) ਤੇ ਉਸਦਾ ਪਤੀ ਬਹਾਲ ਸਿੰਘ ਆਪਣੇ ਪਿੰਡ ਉਪੋਕੀ ਤੋਂ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਜ਼ੇਰੇ ਇਲਾਜ ਮੇਰੇ ਦੋਤੇ ਅਤੇ ਪੁੱਤਰ ਲਈ ਖਾਣਾ ਦੇਣ ਲਈ 3 ਸਤੰਬਰ 7.30 ਵਜੇ ਰਵਾਨਾ ਹੋਏ, ਜਦੋਂ ਉਹ ਸੁਹਰਾਵ ਪਬਲਿਕ ਸਕੂਲ ਨੇੜੇ ਪਹੁੰਚੇ ਤਾਂ ਮੋਟਰਸਾਈਕਲ ਅੱਗੇ ਗਾਂ ਆ ਜਾਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ 'ਚ ਮੇਰੀ ਪੁੱਤਰੀ ਸੁਖਵਿੰਦਰ ਕੌਰ ਦੇ ਸਿਰ ਵਿਚ ਗੰਭੀਰ ਸੱਟਾਂ ਵੱਜੀਆਂ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਲਿਜਾਇਆ ਗਿਆ, ਉਥੋਂ ਪਟਿਆਲਾ ਤੇ ਫਿਰ ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ 6 ਸਤੰਬਰ ਨੂੰ ਸੁਖਵਿੰਦਰ ਕੌਰ ਨੂੰ ਪੀ. ਜੀ. ਆਈ. ਤੋਂ ਛੁੱਟੀ ਮਿਲੀ ਪਰ 7 ਸਤੰਬਰ ਸ਼ਾਮ ਨੂੰ ਘਰ ਵਿਚ ਹੀ ਉਸ ਦੀ ਮੌਤ ਹੋ ਗਈ। ਅਮਰਗੜ੍ਹ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
