ਬਰਨਾਲਾ ''ਚ ਭਿਆਨਕ ਸੜਕ ਹਾਦਸਾ! 50 ਸਾਲਾ ਕਿਸਾਨ ਦੀ ਹੋਈ ਮੌਤ
Thursday, Jan 01, 2026 - 07:09 PM (IST)
ਬਰਨਾਲਾ (ਪੁਨੀਤ ਮਾਨ): ਬਰਨਾਲਾ ਦੇ ਕੈਚੀਆਂ ਲਿੰਕ ਰੋਡ 'ਤੇ ਅਣਪਛਾਤੀ ਗੱਡੀ ਨੇ ਮੋਟਰਸਾਈਕਲ ਸਵਾਰ ਕਿਸਾਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਕਤ ਗੱਡੀ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਸੁਖਚੈਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਭਗਤਪੁਰਾ ਵਜੋਂ ਹੋਈ ਹੈ, ਜਿਸ ਦੀ ਉਮਰ 50 ਸਾਲ ਦੇ ਕਰੀਬ ਸੀ।
ਮ੍ਰਿਤਕ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਗੱਡੀ ਦੇ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਸ CCTV ਫੁਟੇਜ ਦੇ ਅਧਾਰ 'ਤੇ ਪੁਲਸ ਜਾਂਚ ਕਰ ਕੇ ਹਾਦਸੇ ਵਾਲੀ ਗੱਡੀ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਮ੍ਰਿਤਕ ਪਰਿਵਾਰ ਵਿਚ ਇਕਲੌਤਾ ਕਮਾਉਣ ਵਾਲਾ ਸੀ। ਉਹ ਪਿੰਡ ਦੇ ਸਾਬਕਾ ਸਰਪੰਚ ਅੰਗਰੇਜ ਸਿੰਘ ਦਾ ਵੱਡਾ ਭਰਾ ਸੀ ਤੇ ਖੇਤੀਬਾੜੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ।
ਇਸ ਸਬੰਧੀ ਥਾਣਾ ਸ਼ਹਿਣਾ ਦੇ ਜਾਂਚ ਅਧਿਕਾਰੀ ਰਣਜੋਧ ਸਿੰਘ ਨੇ ਕਿਹਾ ਕਿ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਅਧਾਰ 'ਤੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
