ਸੜਕ ਹਾਦਸੇ ’ਚ ਯੋਗਾ ਅਧਿਆਪਕ ਦੀ ਮੌਤ
Monday, Sep 15, 2025 - 02:03 PM (IST)

ਬਨੂੜ (ਗੁਰਪਾਲ) : ਬੀਤੇ ਦਿਨੀਂ ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ’ਤੇ ਗਲਤ ਦਿਸ਼ਾ ’ਚ ਆ ਰਹੀ ਕਾਰ ਵੱਲੋਂ ਐਕਟਿਵਾ ਨੂੰ ਟੱਕਰ ਮਾਰ ਦੇਣ ਕਾਰਨ ਵਾਪਰੇ ਸੜਕ ਹਾਦਸੇ ’ਚ ਨੇੜਲੇ ਪਿੰਡ ਮਨੌਲੀ ਸੂਰਤ ਦੇ ਯੋਗਾ ਅਧਿਆਪਕ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਨੇੜਲੇ ਪਿੰਡ ਮਨੌਲੀ ਸੂਰਤ 46 ਸਾਲਾਂ ਯੋਗਾ ਅਧਿਆਪਕ ਸੁਖਬੀਰ ਸਿੰਘ ਆਪਣੀ ਐਕਟਿਵਾ ’ਤੇ ਬਨੂੜ ਤੋਂ ਜ਼ੀਰਕਪੁਰ ਵੱਲ ਜਾ ਰਿਹਾ ਸੀ। ਜਦੋਂ ਉਹ ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ’ਤੇ ਪਿੰਡ ਛੱਤ ਦੀਆਂ ਲਾਈਟਾਂ ਨੇੜੇ ਪਹੁੰਚਿਆ ਤਾਂ ਇਕ ਗਲਤ ਦਿਸ਼ਾ ’ਚ ਆ ਰਹੀ ਤੇਜ਼ ਰਫਤਾਰ ਕਾਰ ਨੇ ਐਕਟਿਵਾ ਨੂੰ ਟੱਕਰ ਮਾਰੀ, ਜਿਸ ਕਾਰਨ ਸਵਾਰ ਸੁਖਬੀਰ ਸਿੰਘ ਸੜਕ ’ਤੇ ਡਿੱਗ ਗਿਆ ਅਤੇ ਪਿੱਛੋਂ ਆ ਰਹੇ ਇਕ ਤੇਜ਼ ਰਫਤਾਰ ਟਿੱਪਰ ਅਧਿਆਪਕ ਦੇ ਉੱਪਰ ਚੜ੍ਹ ਗਿਆ। ਹਾਦਸੇ ’ਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਯੋਗਾ ਅਧਿਆਪਕ ਦੇ ਇਕਲੌਤੇ ਨੌਜਵਾਨ ਪੁੱਤਰ ਦੀ 2 ਸਾਲ ਪਹਿਲਾਂ ਮੌਤ ਹੋ ਗਈ ਸੀ। ਤਕਰੀਬਨ 2 ਮਹੀਨੇ ਪਹਿਲਾਂ ਹੀ ਉਹ ਇਕ ਨੰਨੀ ਜਿਹੀ ਬੱਚੀ ਦਾ ਬਾਪ ਬਣਿਆ ਸੀ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਆਪਣੀ ਵਿਧਵਾ ਮਾਤਾ, ਵਿਧਵਾ ਪਤਨੀ ਅਤੇ 2 ਮਹੀਨੇ ਦੀ ਬੱਚੀ ਨੂੰ ਛੱਡ ਗਿਆ ਹੈ।