ਯੂਕ੍ਰੇਨ ਤੋਂ ਬਲਟਾਣਾ ਪੁੱਜੀ ਰੀਆ ਨੇ ਸੁਣਾਈ ਹੱਡਬੀਤੀ, ''ਸਾਇਰਨ ਵੱਜਦੇ ਹੀ ਬੰਕਰ ''ਚ ਭੇਜ ਦਿੱਤਾ ਜਾਂਦਾ ਸੀ''

Saturday, Mar 05, 2022 - 01:21 PM (IST)

ਚੰਡੀਗੜ੍ਹ (ਅਸ਼ੀਸ਼) : ਬਲਟਾਣਾ ਨਿਵਾਸੀ ਬੰਗਾ ਪਰਿਵਾਰ ਲਈ ਸ਼ੁੱਕਰਵਾਰ ਖੁਸ਼ੀਆਂ ਭਰਿਆ ਰਿਹਾ, ਜਦੋਂ ਉਨ੍ਹਾਂ ਦੀ ਧੀ ਰੀਆ ਯੂਕ੍ਰੇਨ ਦੇ ਪੋਲਤਵ ਤੋਂ ਸੁਰੱਖਿਅਤ ਘਰ ਪਰਤ ਆਈ। ਰੀਆ ਨੇ ਦੱਸਿਆ ਕਿ 24 ਫਰਵਰੀ ਤੋਂ ਪਹਿਲਾਂ ਉਹ ਆਮ ਵਾਂਗ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਰਹੀ ਸੀ। ਲੜਾਈ ਦੇ ਬੱਦਲ ਮੰਡਰਾਉਂਦੇ ਦੇਖ ਕੇ ਯੂਨੀਵਰਸਿਟੀ ਦੇ ਪ੍ਰੋਫੈਸਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਮਾਮੂਲੀ ਲੜਾਈ ਦੱਸ ਕੇ ਗੱਲ ਖ਼ਤਮ ਕਰ ਦਿੱਤੀ ਪਰ ਸਾਨੂੰ ਹਾਲਾਤ ਠੀਕ ਹੁੰਦੇ ਨਜ਼ਰ ਨਹੀਂ ਆਏ। ਰੀਆ ਨੇ ਕਿਹਾ ਕਿ ਸਾਇਰਨ ਵੱਜਦਿਆਂ ਹੀ ਸਾਨੂੰ ਯੂਨੀਵਰਸਿਟੀ ਦੇ ਬੰਕਰਾਂ ਵਿਚ ਭੇਜ ਦਿੱਤਾ ਜਾਂਦਾ ਸੀ ਅਤੇ ਸਾਰੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਜਾਂਦੀਆਂ ਸਨ, ਖਾਣ ਲਈ ਆਪ ਪ੍ਰਬੰਧ ਕਰਨਾ ਪੈਂਦਾ ਸੀ। ਸਾਰੇ ਵਿਦਿਆਰਥੀਆਂ ਨੇ ਮਿਲ ਕੇ ਜਦੋਂ ਯੂਨੀਵਰਸਿਟੀ ਦੇ ਅਧਿਕਾਰੀਆਂ ’ਤੇ ਦਬਾਅ ਬਣਾਇਆ ਕਿ ਉਨ੍ਹਾਂ ਨੂੰ ਆਪਣੇ ਦੇਸ਼ ਭੇਜਣ ਦੀ ਇਜਾਜ਼ਤ ਦਿਓ ਤਾਂ ਉਨ੍ਹਾਂ ਨੇ ਆਪਣੇ ਪੱਧਰ ’ਤੇ ਦੇਸ਼ ਛੱਡਣ ਲਈ ਕਿਹਾ। ਯੂਨੀਵਰਸਿਟੀ ਵੱਲੋਂ ਸਾਡੇ ਕੋਲੋਂ ਜ਼ਿਆਦਾ ਕਿਰਾਇਆ ਲੈ ਕੇ ਸਾਨੂੰ ਹੰਗਰੀ ਦੇ ਬਾਰਡਰ ’ਤੇ ਛੱਡਿਆ ਗਿਆ। ਇਸ ਦੌਰਾਨ ਕਿਸੇ ਵੀ ਵਿਦਿਆਰਥੀ ਦੀਆਂ ਅੱਖਾਂ ਵਿਚ ਨੀਂਦ ਨਜ਼ਰ ਨਹੀਂ ਆਈ ਅਤੇ ਸਾਰੇ ਤਣਾਅ ਵਿਚ ਸਨ। ਹਰ ਕਿਸੇ ਨੂੰ ਘਰ ਜਾਣ ਦੀ ਇੱਛਾ ਸੀ।

ਇਹ ਵੀ ਪੜ੍ਹੋ : ਯੂਕ੍ਰੇਨ 'ਚੋਂ ਵਾਪਸ ਪਰਤੀ ਦਾਮਿਨੀ ਦੀਆਂ ਅੱਖਾਂ 'ਚ ਸੀ ਜੰਗ ਦਾ ਖ਼ੌਫਨਾਕ ਮੰਜ਼ਰ, ਲੋਕਾਂ ਨੇ ਕੀਤਾ ਜ਼ੋਰਦਾਰ ਸੁਆਗਤ
ਸਾਥੀਆਂ ਨਾਲੋਂ ਵਿੱਛੜਨ ਕਾਰਨ ਤਣਾਅ ’ਚ ਆ ਗਈ ਸੀ
ਰੀਆ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਤੋਂ ਵਿੱਛੜ ਗਈ, ਜਿਸ ਕਾਰਨ ਉਹ ਹੋਰ ਜ਼ਿਆਦਾ ਤਣਾਅ ਵਿਚ ਆ ਗਈ ਪਰ ਦੂਜੇ ਸਾਥੀਆਂ ਨੇ ਉਸ ਦਾ ਹੌਂਸਲਾ ਵਧਾਇਆ। ਹੰਗਰੀ ਬਾਰਡਰ ’ਤੇ ਉਹ ਆਪਣੇ ਸਾਥੀਆਂ ਨੂੰ ਮਿਲ ਸਕੀ, ਜਿੱਥੇ ਭਾਰਤੀ ਅੰਬੈਸੀ ਦੇ ਲੋਕਾਂ ਨੇ ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਉਚਿਤ ਪ੍ਰਬੰਧ ਕੀਤਾ ਹੋਇਆ ਸੀ। ਜਦੋਂ ਤੱਕ ਹਵਾਈ ਜਹਾਜ਼ ਵਿਚ ਬੈਠ ਕੇ ਦਿੱਲੀ ਨਹੀਂ ਪਹੁੰਚੇ, ਉਦੋਂ ਤਕ ਚੈਨ ਨਹੀਂ ਆਇਆ। ਰੀਆ ਨੇ ਦੱਸਿਆ ਕਿ ਇਸ ਸਾਰੇ ਸਮੇਂ ਦੌਰਾਨ ਹੰਗਰੀ ਵਿਚ ਚੈਨ ਦੀ ਨੀਂਦ ਜ਼ਰੂਰ ਮਿਲੀ। ਉਸ ਨੇ ਦੱਸਿਆ ਕਿ ਪਹਿਲੀ ਵਾਰ ਡਰ ਦਾ ਸਾਹਮਣਾ ਨੇੜਿਓਂ ਕੀਤਾ ਪਰ ਸਾਰੇ ਭਾਰਤੀ ਵਿਦਿਆਰਥੀ ਇਕਜੁੱਟ ਰਹੇ, ਜਿਸ ਕਾਰਨ ਹੌਂਸਲਾ ਵੱਧਦਾ ਗਿਆ।

ਇਹ ਵੀ ਪੜ੍ਹੋ : ਪਿਆਕੜਾਂ ਲਈ ਮਾੜੀ ਖ਼ਬਰ, ਇਸ ਤਾਰੀਖ਼ ਤੋਂ ਮਹਿੰਗੀ ਹੋਵੇਗੀ ਸ਼ਰਾਬ

ਰੀਆ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ 26 ਫਰਵਰੀ ਦੀ ਸ਼ਾਮ ਪਹਿਲੀ ਵਾਰ ਬੰਕਰ ਵੇਖੇ, ਜਿੱਥੇ ਨਾ ਤਾਂ ਬੈਠਣ, ਨਾ ਹੀ ਖਾਣ-ਪੀਣ ਦਾ ਉੱਚਿਤ ਪ੍ਰਬੰਧ ਸੀ। ਉਸ ਨੇ ਦੱਸਿਆ ਕਿ ਯੂਕ੍ਰੇਨ ਦੇ ਸੂਮੋ ਰਾਏ ਵਿਚ ਅਜੇ ਕਈ ਵਿਦਿਆਰਥੀ ਫਸੇ ਹੋਏ ਹਨ, ਜਿਨ੍ਹਾਂ ਕੋਲ ਨਾ ਤਾਂ ਬਾਰਡਰ ਤੱਕ ਆਉਣ ਲਈ ਸਾਧਨ ਹੈ, ਨਾ ਹੀ ਖਾਣ-ਪੀਣ ਦਾ ਸਮਾਨ ਹੈ। ਉਸ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਹੰਗਰੀ ਵਿਚ ਜੋ ਮਦਦ ਮਿਲੀ, ਉਸ ਲਈ ਧੰਨਵਾਦ ਪਰ ਜੇਕਰ ਇਹ ਮਦਦ ਯੂਕ੍ਰੇਨ ਵਿਚ ਮਿਲਦੀ ਤਾਂ ਬਿਹਤਰ ਹੁੰਦਾ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ 'ਤੇ ਮੁੱਖ ਮੰਤਰੀ ਚੰਨੀ ਨੇ ਮੰਤਰੀਆਂ ਤੇ ਵਿਧਾਇਕਾਂ ਨਾਲ ਕੀਤੀ ਬੈਠਕ
ਬੱਚੇ ਦੇ ਭਵਿੱਖ ਦੀ ਚਿੰਤਾ
ਪਿਤਾ ਰੋਹਿਤ 8 ਦਿਨਾਂ ਤੋਂ ਆਪਣੀ ਧੀ ਨਾਲ ਫੋਨ ’ਤੇ ਸੰਪਰਕ ਵਿਚ ਸਨ। ਇਸ ਦੌਰਾਨ ਨਾ ਤਾਂ ਉਨ੍ਹਾਂ ਦਾ ਧਿਆਨ ਕੰਮਕਾਰ ਵਿਚ ਲੱਗਿਆ, ਨਾ ਹੀ ਉਹ ਠੀਕ ਤਰ੍ਹਾਂ ਸੌਂ ਸਕੇ। ਮਾਂ ਰੁਚੀ ਨੇ ਦੱਸਿਆ ਕਿ ਪਿਛਲੇ 8 ਦਿਨ ਬਿਨਾਂ ਸੁੱਤਿਆਂ ਪਰਿਵਾਰ ਨੇ ਗੁਜ਼ਾਰੇ ਹਨ। ਹਰ ਸਮੇਂ ਡਰ ਲੱਗਿਆ ਰਹਿੰਦਾ ਸੀ ਕਿ ਉਨ੍ਹਾਂ ਦੀ ਧੀ ਨਾਲ ਕੁੱਝ ਹੋ ਨਾ ਜਾਏ। ਹਰ ਦਿਨ ਲੰਬੇ ਗੁਜ਼ਰਦੇ ਹੋਏ ਲੱਗ ਹੋ ਰਹੇ ਸਨ ਪਰ ਫੋਨ ’ਤੇ ਗੱਲ ਕਰਦਿਆਂ ਭਾਵੁਕ ਤਾਂ ਹੁੰਦੇ ਹੀ ਸੀ, ਨਾਲ ਹੌਂਸਲਾ ਹੋ ਜਾਂਦਾ ਸੀ ਕਿ ਧੀ ਸਹੀ-ਸਲਾਮਤ ਹੈ। ਦਾਦੀ ਅਤੇ ਨਾਨਾ ਜ਼ਿਆਦਾ ਤਣਾਅ ਵਿਚ ਸਨ। ਜਦੋਂ ਤਕ ਉਨ੍ਹਾਂ ਨੇ ਧੀ ਨੂੰ ਵੇਖ ਨਹੀਂ ਲਿਆ, ਉਦੋਂ ਤੱਕ ਉਨ੍ਹਾਂ ਨੂੰ ਸਕੂਨ ਨਹੀਂ ਮਿਲਿਆ। ਛੋਟੀ ਭੈਣ ਭਾਨੂ ਅਤੇ ਪੰਜ ਸਾਲ ਦੀ ਭੈਣ ਟਵਿੰਕਲ ਦਾ ਵੀ ਇਹੀ ਹਾਲ ਸੀ। ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਅੱਗੇ ਦੀ ਪੜ੍ਹਾਈ ਦੇਸ਼ ਵਿਚ ਪੂਰੀ ਕਰਨ ਦਾ ਮੌਕਾ ਦਿੱਤਾ ਜਾਵੇ। ਯੂਕ੍ਰੇਨ ਵਿਚ ਛੇਤੀ ਹਾਲਾਤ ਠੀਕ ਹੁੰਦੇ ਨਜ਼ਰ ਨਹੀਂ ਆ ਰਹੇ ਅਤੇ ਮਾਪੇ ਵੀ ਹੁਣ ਯੂਕ੍ਰੇਨ ਸਥਿਤ ਯੂਨੀਵਰਸਿਟੀ ਵਿਚ ਪੜ੍ਹਾਉਣ ਦੇ ਇਛੁੱਕ ਨਹੀਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News