ਬੁਝ ਗਿਆ ਸੁਰਾਂ ਦਾ ਦੀਵਾ...‘ਸਰਦੂਲ ਸਿਕੰਦਰ’
Friday, Feb 26, 2021 - 06:27 PM (IST)
ਜਲੰਧਰ/ਖੰਨਾ : ਪੰਜਾਬੀ ਸੰਗੀਤ ਜਗਤ ਨੂੰ ਉਸ ਸਮੇਂ ਇਕ ਵੱਡਾ ਝਟਕਾ ਲੱਗਾ, ਜਦੋਂ ਮਹਾਨ ਪੰਜਾਬੀ ਗਾਇਕ ਸਰਦੂਲ ਸਿਕੰਦਰ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਮੀਡੀਆ ਰਿਪੋਰਟਾਂ ਅਨੁਸਾਰ ਉਹ ਪਿਛਲੇ ਕਰੀਬ ਡੇਢ ਮਹੀਨੇ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਜ਼ੇਰੇ ਇਲਾਜ ਸਨ, ਜਿਥੇ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ। ਬੁੱਧਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਇਥੇ ਜ਼ਿਕਰਯੋਗ ਹੈ ਕਿ ਸਰਦੂਲ ਸਿਕੰਦਰ ਦਾ ਵਿਆਹ ਪੰਜਾਬੀ ਦੀ ਪ੍ਰਸਿੱਧ ਗਾਇਕਾ ਅਮਰ ਨੂਰੀ ਨਾਲ ਹੋਇਆ ਸੀ। ਉਨ੍ਹਾਂ ਦੇ 2 ਬੇਟੇ ਹਨ। ਸਰਦੂਲ ਸਿਕੰਦਰ ਦਾ ਜਨਮ 15 ਅਗਸਤ 1961 ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਖੇੜੀ ਨੌਧ ਸਿੰਘ ਵਿਖੇ ਇਕ ਸਾਧਾਰਣ ਪਰਿਵਾਰ ਵਿਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰਕ ਪਿਛੋਕੜ ਸੰਗੀਤ ਦੇ ਪਟਿਆਲਾ ਘਰਾਨੇ ਨਾਲ ਸਬੰਧਤ ਸੀ। ਉਨ੍ਹਾਂ ਦੇ ਪਿਤਾ ਮਸਤਾਨਾ ਜੀ ਗੁਰਦੁਆਰਿਆਂ ਅਤੇ ਮੰਦਰਾਂ ’ਚ ਗਾਉਂਦੇ ਹੁੰਦੇ ਸੀ। ਉਨ੍ਹਾਂ ਨੇ ਗਾਇਕੀ ਆਪਣੇ ਪਿਤਾ ਮਸਤਾਨਾ ਜੀ ਤੋਂ ਸਿੱਖੀ ਸੀ ਅਤੇ ਚਰਨਜੀਤ ਅਹੁਜਾ ਨੂੰ ਉਹ ਆਪਣਾ ਗੁਰੂ ਮੰਨਦੇ ਸੀ। ਸਰਦੂਲ ਸਿਕੰਦਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 1980 ਵਿਚ ਟੀ. ਵੀ. ਤੇ ਰੇਡੀਓ ਰਾਹੀਂ ਕੀਤੀ ਸੀ। ਉਨ੍ਹਾਂ ਦੀ ਪਹਿਲੀ ਐਲਬਮ ‘ਰੋਡਵੇਜ਼ ਦੀ ਲਾਰੀ’ ਨੇ ਦਰਸ਼ਕਾਂ ਵਿਚ ਖੂਬ ਵਾਹ-ਵਾਹੀ ਖੱਟੀ ਸੀ।ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿਚ ਵੀ ਕੰਮ ਕੀਤਾ ਸੀ, ਜਿਨ੍ਹਾਂ ਵਿਚੋਂ ‘ਜੱਗਾ ਡਾਕੂ’ ਵਰਗੀ ਮਸ਼ਹੂਰ ਫਿਲਮ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਪੰਜਾਬੀ ਗਾਇਕੀ ’ਚ ਵੱਡੀ ਪਛਾਣ ਬਣਾਉਣ ਵਾਲੇ ਸਰਦੂਲ ਸਿਕੰਦਰ ਦਾ ਅਜਿਹਾ ਰਿਹਾ ਸਫ਼ਰ
ਸਰਦੂਲ ਸਿਕੰਦਰ ਦੀਆਂ ਹੁਣ ਤੱਕ ਕਰੀਬ 50 ਮਿਊਜ਼ਿਕ ਐਲਬਮਾਂ ਆ ਚੁੱਕੀਆਂ ਹਨ ਅਤੇ ਪੰਜਾਬੀ ਗਾਇਕੀ ’ਚ ਉਨ੍ਹਾਂ ਆਪਣੀ ਇਕ ਵੱਖਰੀ ਅਤੇ ਨਿਵੇਕਲੀ ਜਗ੍ਹਾ ਬਣਾਈ ਸੀ। ਲੇਖਕ ਦੀ ਮੁਲਾਕਾਤ ਉਨ੍ਹਾਂ ਨਾਲ ਜਨਵਰੀ 2007 ਵਿਚ ਮਾਲੇਰਕੋਟਲਾ ਵਿਖੇ ਇਕ ਵਿਆਹ ਸਮਾਗਮ ਦੌਰਾਨ ਹੋਈ ਸੀ। ਦਰਅਸਲ ਮੇਰੇ ਇਕ ਪਰਮ-ਮਿੱਤਰ ਹਨ ਗੁਲਾਮ ਅਲੀ। ਗੁਲਾਮ ਅਲੀ ਪ੍ਰਸਿੱਧ ਸੂਫੀ ਗਾਇਕ ਕਰਾਮਤ ਫਕੀਰ ਕੱਵਾਲ ਦੇ ਸਪੁੱਤਰ ਹਨ। 2007 ਵਿਚ ਗੁਲਾਮ ਅਲੀ ਦੇ ਭਰਾ ਸ਼ੌਕਤ ਦਾ ਵਿਆਹ ਸੀ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਸਰਦੂਲ ਸਿਕੰਦਰ ਹੁਰਾਂ ਨੇ ਸ਼ਮੂਲੀਅਤ ਕੀਤੀ ਸੀ । ਉਸ ਵਿਆਹ ਵਿਚ ਉਨ੍ਹਾਂ ਆਪਣੇ ਗੀਤਾਂ ਰਾਹੀਂ ਖੂਬ ਰੰਗ ਬੰਨ੍ਹਿਆ ਸੀ। ਜਦੋਂ ਮੰਚ ਦੀ ਕਾਰਵਾਈ ਸੰਪਨ ਹੋਈ ਤਾਂ ਮੈਂ ਉਨ੍ਹਾਂ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ ਸੀ, ਉਸ ਮੁਲਾਕਾਤ ਦੌਰਾਨ ਉਨ੍ਹਾਂ ਸਾਡੇ ਨਾਲ ਖੂਬ ਗੱਲਾਂ ਕੀਤੀਆਂ ਸਨ। ਇਸ ਦੌਰਾਨ ਉਨ੍ਹਾਂ ਮੈਨੂੰ ਆਪਣੀ ਪਾਕਿਸਤਾਨ ਫੇਰੀ ਦਾ ਜ਼ਿਕਰ ਕਰਦਿਆਂ ਇਕ ਬਹੁਤ ਹੀ ਦਿਲਚਸਪ ਵਾਕਿਆ ਦੱਸਿਆ । ਸਰਦੂਲ ਸਿਕੰਦਰ, ਮੀਟ-ਮੱਛੀ ਤੋਂ ਪਰਹੇਜ਼ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਪਾਕਿਸਤਾਨ ਦੇ ਇਕ ਹੋਟਲ ਵਿਚ ਗਏ ਤਾਂ ਉਥੇ ਹਰ ਇਕ ਚੀਜ਼ ਗੋਸ਼ਤ (ਮੀਟ) ਦੇ ਮੇਲ ਨਾਲ ਬਣੀ ਹੋਈ ਸੀ ਜਿਵੇਂ ਕਿ ਆਲੂ-ਗੋਸ਼ਤ, ਦਾਲ-ਗੋਸ਼ਤ, ਗੋਭੀ-ਗੋਸ਼ਤ, ਬੈਂਗਣ-ਗੋਸ਼ਤ, ਮਟਰ-ਗੋਸ਼ਤ ਆਦਿ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪੂਰਨ ਯਕੀਨ ਹੋ ਗਿਆ ਇਥੇ ਗੋਸ਼ਤ ਰਹਿਤ ਕੋਈ ਦਾਲ-ਸਬਜ਼ੀ ਨਹੀਂ ਮਿਲਣ ਵਾਲੀ ਤਾਂ ਅਖੀਰ ਉਨ੍ਹਾਂ ਆਪਣੀ ਭੁੱਖ ਦਹੀਂ ਨਾਲ ਰੋਟੀ ਖਾ ਕੇ ਮਿਟਾਈ। ਅਦਾਕਾਰਾ ਅਤੇ ਗਾਇਕਾ ਨਿਸ਼ਾ ਬਾਨੋ ਨੇ ਸਰਦੂਲ ਸਿਕੰਦਰ ਦੀ ਮੌਤ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਉਨ੍ਹਾਂ ਨਾਲ ਹੋਈਆਂ ਮੁਲਾਕਾਤਾਂ ਨੂੰ ਚੇਤੇ ਕੀਤਾ।ਸਰਦੂਲ ਸਿਕੰਦਰ ਦੀ ਮੌਤ ’ਤੇ ਕਈ ਸਿਆਸੀ ਸ਼ਖਸੀਅਤਾਂ ਨੇ ਵੀ ਦੁੱਖ ਪ੍ਰਗਟ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਹ ਵੀ ਪੜ੍ਹੋ : ਸਿੱਖਿਆ ਮਹਿਕਮੇ ਦਾ ਨਾਦਰਸ਼ਾਹੀ ਫੁਰਮਾਨ, ਹੁਣ ਮਾਪੇ ਸੌਂਣਗੇ ਤੇ ਅਧਿਆਪਕ ਬੱਚਿਆਂ ਨੂੰ ਸਵੇਰੇ ਜਗਾਉਣਗੇ
‘‘ਸਰਦੂਲ ਸਿਕੰਦਰ ਜਿਨ੍ਹਾਂ ਵਧੀਆ ਗਾਇਕ ਸੀ, ਓਨਾ ਹੀ ਵਧੀਆ ਉਹ ਇਨਸਾਨ ਸੀ। ਜਿਵੇਂ ਸਿਕੰਦਰ ਨੇ ਦੁਨੀਆ ਫਤਿਹ ਕੀਤੀ, ਉਸੇ ਤਰ੍ਹਾਂ ਸਰਦੂਲ ਸਿਕੰਦਰ ਨੇ ਸੰਗੀਤ ਦੇ ਖੇਤਰ ਵਿਚ ਆਪਣੀ ਜਿੱਤਾਂ ਦੇ ਝੰਡੇ ਗੱਡੇ।" – ਕਰਾਮਾਤ ਫ਼ਕੀਰ, ਸੂਫ਼ੀ ਗਾਇਕ, ਮਾਲੇਰਕੋਟਲਾ
‘‘ਸਰਦੂਲ ਸਿਕੰਦਰ ਨੇ ਮੇਰੇ ਲਿਖੇ ਕਈ ਗਾਣੇ ਗਾਏ ਹਨ। ਉਨ੍ਹਾਂ ਦਾ ਗਾਇਆ ‘ਡਿਸਕੋ ਬੁਖ਼ਾਰ’ ਗਾਣਾ ਕਾਫ਼ੀ ਹਿੱਟ ਹੋਇਆ। ਉਸ ਦਾ ਸੁਭਾਅ ਕਾਫ਼ੀ ਮਜ਼ਾਕਿਆ ਸੀ ਅਤੇ ਉਹ ਕਾਫ਼ੀ ਗਾਇਕਾਂ ਦੀ ਆਵਾਜ਼ ਕੱਢ ਲੈਂਦਾ ਸੀ। ਇਕ ਦਿਨ ਤਾਂ ਉਹ ਮੇਰੇ ਨਾਲ ਸੁਖਵਿੰਦਰ ਸ਼ਿੰਦਾ ਬਣ ਕੇ ਗੱਲ ਕਰਦਾ ਰਿਹਾ।’’-ਸਮਸ਼ੇਰ ਸੰਧੂ, ਲੇਖਕ
‘‘ਇਹ ਗਾਇਕੀ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ ਅਤੇ ਪ੍ਰਮਾਤਮਾ ਪੂਰੇ ਪਰਿਵਾਰ ਨੂੰ ਇਹ ਦੁਖ਼ ਸਹਿਣ ਦਾ ਹੌਂਸਲਾ ਦੇਵੇ।’’- ਅਫ਼ਸਾਨਾ ਖ਼ਾਨ, ਗਾਇਕਾ
‘‘ਬੁਝ ਗਿਆ ਸੁਰਾਂ ਦਾ ਦੀਵਾ, ਸੁਰਾਂ ਦਾ ਸਿਕੰਦਰ...ਸਰਦੂਲ ਸਿਕੰਦਰ।’’– ਜਸਵਿੰਦਰ ਬਰਾੜ, ਗਾਇਕਾ