ਪੁਲਸ ਨੇ ਵੇਅਰ ਹਾਊਸ ''ਚੋਂ ਲੁੱਟੇ ਲੱਖਾਂ ਦੇ ਚੌਲ ਕੀਤੇ ਬਰਾਮਦ

Monday, Mar 12, 2018 - 08:01 AM (IST)

ਪੁਲਸ ਨੇ ਵੇਅਰ ਹਾਊਸ ''ਚੋਂ ਲੁੱਟੇ ਲੱਖਾਂ ਦੇ ਚੌਲ ਕੀਤੇ ਬਰਾਮਦ

ਮੋਗਾ (ਆਜ਼ਾਦ) - ਮੋਗਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦ ਬਾਘਾਪੁਰਾਣਾ ਦੇ ਜੈ ਸਿੰਘ ਵਾਲਾ ਰੋਡ 'ਤੇ ਸਥਿਤ ਵੇਅਰ ਹਾਊਸ ਦੇ ਗੋਦਾਮਾਂ 'ਚੋਂ ਹਥਿਆਰਬੰਦ ਅਣਪਛਾਤੇ ਲੁਟੇਰਿਆਂ ਵੱਲੋਂ ਚੌਕੀਦਾਰਾਂ ਨੂੰ ਬੰਧਕ ਬਣਾ ਕੇ ਲੱਖਾਂ ਰੁਪਏ ਮੁੱਲ ਦੇ ਲੁੱਟੇ ਗਏ ਚੌਲ ਤੇ ਲੁਟੇਰਾ ਗਿਰੋਹ ਦੇ ਅੱਠ ਮੈਂਬਰਾਂ ਨੂੰ ਟਰੱਕ ਸਮੇਤ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲਸ ਮੁਖੀ ਰਾਜਜੀਤ ਸਿੰਘ ਹੁੰਦਲ ਨੇ ਦੱਸਿਆ ਕਿ 22-23 ਫਰਵਰੀ ਦੀ ਅੱਧੀ ਰਾਤ ਨੂੰ ਤਿੰਨ ਦਰਜਨ ਦੇ ਕਰੀਬ ਅਣਪਛਾਤੇ ਹਥਿਆਰਬੰਦ ਲੁਟੇਰੇ ਵੇਅਰ ਹਾਊਸ ਦੇ ਗੋਦਾਮ ਦੇ ਬਾਹਰ ਮਿਲਿੰਗ ਤੋਂ ਬਾਅਦ ਜਮ੍ਹਾ ਕਰਨ ਲਈ ਹਿੰਦ ਰਾਈਸ ਮਿੱਲ, ਹੇਮਕੁੰਟ ਰਾਈਸ ਮਿੱਲ ਅਤੇ ਗੰਨਾ ਰਾਈਸ ਮਿੱਲ ਦੇ ਮਾਲਕਾਂ ਵੱਲੋਂ 3240 ਬੋਰੀਆਂ ਰੱਖੇ ਗਏ ਚੌਲਾਂ 'ਚ 1474 ਬੋਰੀਆਂ ਚੌਲ ਵੇਅਰ ਹਾਊਸ ਦੀ ਸੁਰੱਖਿਆ ਲਈ ਤਾਇਨਾਤ ਚੌਕੀਦਾਰਾਂ ਬਲਵੀਰ ਸਿੰਘ ਨਿਵਾਸੀ ਪਿੰਡ ਗਿੱਲ, ਬਲਦੇਵ ਸਿੰਘ ਅਤੇ ਰਾਜਜੀਤ ਸਿੰਘ ਨਿਵਾਸੀ ਪਿੰਡ ਰਾਜੇਆਣਾ, ਸਫੀ ਮੁਹੰਮਦ ਅਤੇ ਬਲਦੇਵ ਸਿੰਘ ਨੂੰ ਰੱਸੀ ਨਾਲ ਬੰਨ੍ਹ ਕੇ ਬੰਧਕ ਬਣਾਉਣ ਦੇ ਬਾਅਦ ਤਿੰਨ ਟਰੱਕਾਂ 'ਚ ਭਰਕੇ ਲੁੱਟ ਕੇ ਲੈ ਗਏ ਸਨ। ਉਕਤ ਚੌਲਾਂ ਦੀ ਕੀਮਤ 25 ਲੱਖ ਰੁਪਏ ਦੇ ਕਰੀਬ ਦੱਸੀ ਗਈ ਸੀ।
ਇਸ ਸਬੰਧੀ ਸ਼ੈਲਰ ਮਾਲਕ ਜਗਦੇਵ ਸਿੰਘ ਪੁੱਤਰ ਰਛਪਾਲ ਸਿੰਘ ਨਿਵਾਸੀ ਪਿੰਡ ਰਾਜੇਆਣਾ ਦੀ ਸ਼ਿਕਾਇਤ 'ਤੇ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਖਿਲਾਫ ਥਾਣਾ ਬਾਘਾਪੁਰਾਣਾ 'ਚ 23 ਫਰਵਰੀ ਨੂੰ ਮਾਮਲਾ ਫਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਦੀ ਤਲਾਸ਼ ਲਈ ਬਾਘਾਪੁਰਾਣਾ ਦੇ ਡੀ. ਐੱਸ. ਪੀ. ਸੁਖਦੀਪ ਸਿੰਘ ਅਤੇ ਥਾਣਾ ਬਾਘਾਪੁਰਾਣਾ ਦੇ ਇੰਚਾਰਜ ਇੰਸਪੈਕਟਰ ਜੰਗਜੀਤ ਸਿੰਘ 'ਤੇ ਆਧਾਰਿਤ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ ਤਾਂ ਕਿ ਲੁਟੇਰੇ ਕਾਬੂ ਆ ਸਕਣ। ਉਨ੍ਹਾਂ ਕਿਹਾ ਕਿ ਇੰਸਪੈਕਟਰ ਜੰਗਜੀਤ ਸਿੰਘ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਅਣਪਛਾਤੇ ਲੁਟੇਰਿਆਂ ਵੱਲੋਂ ਲੁੱਟੇ ਗਏ ਚੌਲ ਸਤਿਗੁਰੂ ਰਾਈਸ ਮਿੱਲ ਅਤੇ ਦਸਮੇਸ਼ ਰਾਈਸ ਮਿੱਲ ਜੰਡਿਆਲਾ ਗੁਰੂ 'ਚ ਪਏ ਹਨ, ਜੋ ਲੁਟੇਰਿਆਂ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਹਨ, ਜਿਸ 'ਤੇ ਉਨ੍ਹਾਂ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਚੌਲਾਂ ਨੂੰ ਬਰਾਮਦ ਕੀਤਾ ਅਤੇ ਲੁਟੇਰਿਆਂ ਦੀ ਤਲਾਸ਼ ਨਈ ਜਦ ਉਹ ਪਿੰਡ ਘੋਲੀਆ ਕਲਾਂ ਕੋਲ ਜਾ ਰਹੇ ਸਨ ਤਾਂ ਕਿਸੇ ਹੋਰ ਘਟਨਾ ਨੂੰ ਅੰਜਾਮ ਦੇਣ ਲਈ ਟਰੱਕ ਲੈ ਕੇ ਜਾ ਰਿਹਾ ਉਕਤ ਲੁਟੇਰਾ ਗਿਰੋਹ ਦੇ ਅੱਠ ਮੈਂਬਰਾਂ ਮਹਾਵੀਰ ਸਿੰਘ, ਜਸਵਿੰਦਰ ਸਿੰਘ ਉਰਫ ਜੱਸਾ, ਹਰਪ੍ਰੀਤ ਸਿੰਘ ਉਰਫ ਹੈਪੀ, ਸ਼ੁਭਮਪ੍ਰੀਤ ਸਿੰਘ ਸਾਰੇ ਨਿਵਾਸੀ ਪਿੰਡ ਦਿਆਲਪੁਰਾ ਭਿੰਖੀਵਿੰਡ, ਦਿਲਬਾਗ ਸਿੰਘ ਉਰਫ ਬਾਬੋ ਪਿੰਡ ਭਗਵਾਨ ਪੁਰਾ, ਕੁਲਦੀਪ ਸਿੰਘ ਉਰਫ ਪੱਪੂ ਨਿਵਾਸੀ ਪਿੰਡ ਦੋਬੁਰਜੀ ਅੱਡ, ਰਾਜ ਸਿੰਘ ਨਿਵਾਸੀ ਪਿੰਡ ਖੇਮਕਰਨ ਨੂੰ ਟਰੱਕ ਸਮੇਤ ਕਾਬੂ ਕਰ ਲਿਆ ਗਿਆ, ਜਦਕਿ ਉਕਤ ਗਿਰੋਹ ਦੇ ਅੱਠ ਮੈਂਬਰਾਂ ਗੁਰਚਰਨ ਸਿੰਘ ਉਰਫ ਰੀਨੂੰ, ਸਾਰਜ ਸਿੰਘ ਉਰਫ ਕਾਕਾ, ਗੁਰਮੀਤ ਸਿੰਘ ਉਰਫ ਬੰਤਾ, ਸੰਤੋਖ ਸਿੰਘ, ਜਗਵੀਰ ਸਿੰਘ ਉਰਫ ਜੱਗਾ, ਚਾਨਣ ਸਿੰਘ ਉਰਫ ਚੰਨਣ ਸਾਰੇ ਨਿਵਾਸੀ ਭਗਵਾਨਪੁਰਾ ਅਤੇ ਗੁਰਮੇਲ ਸਿੰਘ ਉਰਫ ਗੋਰਾ ਨਿਵਾਸੀ ਪਿੰਡ ਦੁੱਲਾ ਪੱਟੀ ਪੁਲਸ ਦੇ ਕਾਬੂ ਨਹੀਂ ਆ ਸਕੇ।
ਕੀ ਕਹਿਣਾ ਹੈ ਥਾਣਾ ਮੁਖੀ ਦਾ
ਜਦ ਇਸ ਸਬੰਧ 'ਚ ਥਾਣਾ ਮੁਖੀ ਇੰਸਪੈਕਟਰ ਜੰਗਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੁਟੇਰਾ ਗਿਰੋਹ ਦੇ ਕਾਬੂ ਕੀਤੇ ਗਏ ਅੱਠ ਮੈਂਬਰਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਦਾ 14 ਮਾਰਚ ਤੱਕ ਪੁਲਸ ਰਿਮਾਂਡ ਦਿੱਤਾ, ਜਦਕਿ ਗਿਰੋਹ ਦੇ ਹੋਰ ਮੈਂਬਰਾਂ ਅਤੇ ਟਰੱਕਾਂ ਨੂੰ ਕਾਬੂ ਕਰਨ ਲਈ ਉਨ੍ਹਾਂ ਦੇ ਲੁਕਣ ਵਾਲੇ ਸ਼ੱਕੀ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ ਲੁਟੇਰਾ ਗਿਰੋਹ ਦੇ ਅੱਠ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Related News