ਅੱਲ੍ਹੜ ਉਮਰ ਦੇ ਮੁੰਡਿਆਂ ਦੀ ਕਰਤੂਤ ਸੁਣ ਉਡਣਗੇ ਹੋਸ਼, ਪੁਲਸ ਨੇ ਨਾਕੇ ''ਤੇ ਕੀਤੇ ਗ੍ਰਿਫ਼ਤਾਰ
Sunday, Feb 01, 2026 - 05:35 PM (IST)
ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਪੁਲਸ ਨੇ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਕਰੇਟਾ ਗੱਡੀ ਵਿਚ ਸਵਾਰ ਦੋ ਨੌਜਵਾਨ ਨਸ਼ਾ ਤਸਕਰਾਂ ਨੂੰ 1 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੋਗਾ ਸਿਟੀ ਪੁਲਸ ਨੂੰ ਇਹ ਵੱਡੀ ਸਫ਼ਲਤਾ ਮਿਲੀ ਹੈ। ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਵਰੁਣ ਕੁਮਾਰ ਆਪਣੀ ਪੁਲਸ ਟੀਮ ਨਾਲ ਗਸ਼ਤ ਅਤੇ ਚੈਕਿੰਗ ‘ਤੇ ਸਨ। ਇਸ ਦੌਰਾਨ ਜਦੋਂ ਪੁਲਸ ਟੀਮ ਦਿੱਲੀ ਕਾਲੋਨੀ ਦੇ ਲੋਹਾਰਾ ਚੌਕ ਦੇ ਸੁੰਨਸਾਨ ਇਲਾਕੇ ਵਿਚ ਪਹੁੰਚੀ ਤਾਂ ਪੁਲਸ ਨੂੰ ਦੇਖ ਕੇ ਸਫੈਦ ਰੰਗ ਦੀ ਕ੍ਰੇਟਾ ਕਾਰ (ਨੰਬਰ PB-18Y-0265) ਵਿਚ ਸਵਾਰ ਵਿਅਕਤੀਆਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਰਕਾਰੀ ਵਾਹਨ ਦੀ ਮਦਦ ਨਾਲ ਕਾਰ ਨੂੰ ਰੋਕ ਲਿਆ।
ਕਾਰ ਵਿਚ ਸਵਾਰ ਦੋਵਾਂ ਨੌਜਵਾਨਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ, ਜਿਨ੍ਹਾਂ ਨੇ ਆਪਣੇ ਨਾਮ ਅਰਪਣਪ੍ਰੀਤ ਸਿੰਘ (22 ਸਾਲ) ਵਾਸੀ ਜ਼ਿਲ੍ਹਾ ਤਰਨਤਾਰਨ ਅਤੇ ਦਿਲਰਾਜ ਸਿੰਘ ਉਰਫ਼ ਵੰਸ਼ (19 ਸਾਲ) ਵਾਸੀ ਅਟਾਰੀ, ਜ਼ਿਲ੍ਹਾ ਅੰਮ੍ਰਿਤਸਰ ਦੱਸੇ। ਪੁਲਸ ਵੱਲੋਂ ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿਚੋਂ 1 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਦੋਵਾਂ ਮੁਲਜ਼ਮਾਂ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰਕੇ ਥਾਣਾ ਸਿਟੀ ਮੋਗਾ ਵਿਚ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਦਿਲਰਾਜ ਸਿੰਘ ਖ਼ਿਲਾਫ਼ ਪਹਿਲਾਂ ਵੀ ਮੋਹਾਲੀ ਵਿਚ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਹੈ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਨਾਲ ਜੁੜੇ ਹੋਰ ਖੁਲਾਸੇ ਕੀਤੇ ਜਾ ਸਕਣ।
