ਭਾਰਦਵਾਜ ਦੀ ਅਗਵਾਈ ''ਚ ਸ਼ੈਲਰ ਮਾਲਕਾਂ ਦੀਆਂ ਕਈ ਮੰਗਾਂ ਮਨਜ਼ੂਰ ਕਰਵਾਈਆਂ

Friday, Aug 11, 2017 - 05:32 AM (IST)

ਭਾਰਦਵਾਜ ਦੀ ਅਗਵਾਈ ''ਚ ਸ਼ੈਲਰ ਮਾਲਕਾਂ ਦੀਆਂ ਕਈ ਮੰਗਾਂ ਮਨਜ਼ੂਰ ਕਰਵਾਈਆਂ

ਚੰਡੀਗੜ੍ਹ  (ਵਿਸ਼ੇਸ਼) - ਰਾਈਸ ਮਿੱਲਰਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗਿਆਨ ਚੰਦ ਭਾਰਦਵਾਜ ਦੀ ਅਗਵਾਈ ਵਿਚ ਸ਼ੈਲਰ ਮਾਲਕਾਂ ਦੇ ਇਕ ਵਫਦ ਨੇ ਫੂਡ ਐਂਡ ਸਪਲਾਈ ਵਿਭਾਗ ਦੇ ਚੀਫ ਸੈਕਟਰੀ ਕੇ. ਏ. ਪੀ. ਸਿਨ੍ਹਾ ਤੇ ਡਾਇਰੈਕਟਰ ਅੰਦਿਤਾ ਮਿਸ਼ਰਾ ਨਾਲ ਚੰਡੀਗੜ੍ਹ ਵਿਚ ਬੈਠਕ ਕਰ ਕੇ ਮਾਲਕਾਂ ਦੀਆਂ ਕਈ ਮੰਗਾਂ ਨੂੰ ਮਨਜ਼ੂਰ ਕਰਵਾ ਦਿੱਤਾ। ਜ਼ਿਕਰਯੋਗ ਹੈ ਕਿ ਭਾਰਦਵਾਜ ਨੂੰ ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਦਾ ਸਮਰਥਨ ਹਾਸਲ ਹੈ। ਭਾਰਦਵਾਜ ਨੇ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਵੀ ਸ਼ੈਲਰ ਮਾਲਕਾਂ ਦੀਆਂ ਮੰਗਾਂ ਨੂੰ ਰੱਖਿਆ ਸੀ। ਭਾਰਦਵਾਜ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੀ ਐਸੋਸੀਏਸ਼ਨ ਦਾ ਮੈਮੋਰੰਡਮ ਸਵੀਕਾਰ ਕਰਦਿਆਂ 2007-08 ਵਿਚ ਲਾਗੂ ਨੀਤੀਆਂ ਨੂੰ ਹੁਣ ਦੁਬਾਰਾ ਲਾਗੂ ਕਰਨ ਦੇ ਨਿਰਦੇਸ਼ ਵਿਭਾਗ ਦੇ ਸੈਕਟਰੀ ਨੂੰ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਕੈਰੋਂ ਦੇ ਸਮੇਂ ਐੱਫ. ਸੀ. ਆਈ. ਨੇ ਸ਼ੈਲਰ ਮਾਲਕਾਂ ਕੋਲੋਂ ਵਿਆਜ ਦੀ ਵਸੂਲੀ ਕੀਤੀ ਤੇ ਦੂਜੇ ਪਾਸੇ ਖਰੀਦ ਏਜੰਸੀਆਂ ਨੇ ਵੀ ਵਿਆਜ ਵਸੂਲਿਆ। ਇਸ ਲਈ ਸੈਕਟਰੀ ਨੂੰ ਕਿਹਾ ਗਿਆ ਹੈ ਕਿ ਇਸ ਵਿਆਜ ਦੀ ਰਾਸ਼ੀ ਨੂੰ ਵਾਪਸ ਕੀਤਾ ਜਾਵੇ। ਸਰਕਾਰ ਨੇ ਇਕ ਟਨ ਸਮਰੱਥਾ ਵਾਲੇ ਸ਼ੈਲਰ ਨੂੰ 3000 ਮੀਟ੍ਰਿਕ ਟਨ ਝੋਨਾ ਦੇਣ ਦਾ ਫੈਸਲਾ ਲਿਆ ਹੈ। ਟਰੱਕ ਯੂਨੀਅਨ ਵਾਲੇ ਸਲੈਬ ਰੇਟ ਦੇ ਮੁਤਾਬਕ ਟਰੱਕ ਵਿਭਾਗ ਨੂੰ ਮੁਹੱਈਆ ਕਰਵਾ ਦੇਣਗੇ। 
ਭਾਰਦਵਾਜ ਨੇ ਅੱਜ ਦੱਸਿਆ ਕਿ ਵਿਭਾਗ ਦੇ ਅਫਸਰਾਂ ਨੇ ਸ਼ੈਲਰ ਮਾਲਕਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਤੇ ਸਰਕਾਰ ਸ਼ੈਲਰ ਮਾਲਕਾਂ ਪ੍ਰਤੀ ਨਵੇਂ ਸੀਜ਼ਨ ਦੀ ਨੀਤੀ ਉਨ੍ਹਾਂ ਦੇ ਹਿੱਤ ਵਿਚ ਬਣਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸੂਬੇ ਦੇ ਸਮੂਹ ਸ਼ੈਲਰ ਮਾਲਕਾਂ ਦੀ ਬੈਠਕ 12 ਅਗਸਤ ਨੂੰ ਜਲੰਧਰ ਵਿਚ ਬੁਲਾਈ ਹੈ, ਜਿਸ ਵਿਚ ਨਵੀਂ ਪਾਲਿਸੀ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸ਼ੈਲਰ ਮਾਲਕਾਂ ਦੇ ਵਿਚਾਰ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਤੱਕ ਪਹੁੰਚਾਇਆ ਜਾਵੇਗਾ। ਭਾਰਦਵਾਜ ਨੇ ਕਿਹਾ ਕਿ ਫੂਡ ਸਪਲਾਈ ਵਿਭਾਗ ਨੇ ਸ਼ੈਲਰ ਮਾਲਕਾਂ ਕੋਲੋਂ ਪੁਰਾਣਾ ਬਕਾਇਆ ਨਾ ਵਸੂਲਣ ਦਾ ਫੈਸਲਾ ਲਿਆ ਹੈ।


Related News