ਹੈਵਾਨੀਅਤ ਦੀਆਂ ਹੱਦਾਂ ਪਾਰ! ਦਾਜ ਦੇ ਲੋਭ ''ਚ ਬੁਝਾ ਲਿਆ ਘਰ ਦਾ ''ਚਿਰਾਗ'', ਕੁੱਖ ''ਚ 2 ਮਹੀਨਿਆਂ ਦੇ ਮਾਸੂਮ ਦੀ ਮੌਤ

Wednesday, Feb 04, 2026 - 02:30 PM (IST)

ਹੈਵਾਨੀਅਤ ਦੀਆਂ ਹੱਦਾਂ ਪਾਰ! ਦਾਜ ਦੇ ਲੋਭ ''ਚ ਬੁਝਾ ਲਿਆ ਘਰ ਦਾ ''ਚਿਰਾਗ'', ਕੁੱਖ ''ਚ 2 ਮਹੀਨਿਆਂ ਦੇ ਮਾਸੂਮ ਦੀ ਮੌਤ

ਲੁਧਿਆਣਾ (ਰਾਜ): ਲੁਧਿਆਣਾ 'ਚ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਦਾਜ ਦੇ ਲਾਲਚ ਵਿਚ ਅੰਨ੍ਹੇ ਹੋਏ ਸਹੁਰਿਆਂ ਨੇ ਆਪਣੀ ਹੀ ਨੂੰਹ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਮਾਮਲਾ ਇੰਨਾ ਗੰਭੀਰ ਹੈ ਕਿ ਮੁਲਜ਼ਮਾਂ ਦੀ ਹੈਵਾਨੀਅਤ ਕਾਰਨ ਪੀੜਤਾ ਦੀ ਕੁੱਖ ਵਿਚ ਪਲ ਰਹੇ 2 ਮਹੀਨਿਆਂ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਫਿਲਹਾਲ ਪੀੜਤਾ ਅਤੇ ਉਸ ਦਾ ਜੀਜਾ ਸਿਵਲ ਹਸਪਤਾਲ ਲੁਧਿਆਣਾ ਵਿਚ ਇਲਾਜ ਅਧੀਨ ਹਨ। ਇਸ ਮਾਮਲੇ ਵਿਚ ਥਾਣਾ ਜੋਧੇਵਾਲ ਦੀ ਪੁਲਸ ਨੇ ਪੀੜਤ ਅੰਜਲੀ ਦੀ ਸ਼ਿਕਾਇਤ 'ਤੇ ਮੁਲਜ਼ਮ ਪਤੀ ਟਿੰਕੂ, ਰਾਕੇਸ਼, ਪਿੰਕੀ ਅਤੇ ਸ਼ਿਵਾਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਅੰਜਲੀ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਵਿਆਹ ਬੀਤੇ ਸਾਲ 2 ਜੂਨ 2025 ਨੂੰ ਟਿੰਕੂ ਤੁਲੀ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਪਤੀ ਅਤੇ ਸਹੁਰੇ ਵਾਲਿਆਂ ਨੇ ਆਪਣੇ ਅਸਲੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਮੁਲਜ਼ਮਾਂ ਨੇ ਹੋਰ ਦਾਜ ਦੀ ਮੰਗ ਨੂੰ ਲੈ ਕੇ ਸਾਜ਼ਿਸ਼ ਰਚਦਿਆਂ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਪੇਕੇ ਘਰ ਭੇਜ ਦਿੱਤਾ। ਵਿਵਾਦ ਨੂੰ ਸੁਲਝਾਉਣ ਦੀ ਨੀਅਤ ਨਾਲ ਬੀਤੀ 23 ਜਨਵਰੀ ਨੂੰ ਪੀੜਤਾ ਦੀ ਮਾਂ ਦੇਵਕੀ ਦੇਵੀ ਅਤੇ ਜੀਜਾ ਵਿਜੇ ਦੁੱਗਲ ਉਸ ਨੂੰ ਛੱਡਣ ਲਈ ਸਹੁਰੇ ਘਰ ਗਏ। ਪਰ ਜਿਵੇਂ ਹੀ ਉਹ ਉਸ ਨੂੰ ਛੱਡ ਕੇ ਵਾਪਸ ਪਰਤੇ, ਮੁਲਜ਼ਮਾਂ ਨੇ ਫਿਰ ਤੋਂ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦੋਂ ਮਦਦ ਲਈ ਫੋਨ ਕਰਕੇ ਆਪਣੇ ਜੀਜੇ ਨੂੰ ਵਾਪਸ ਬੁਲਾਇਆ, ਤਾਂ ਮੁਲਜ਼ਮਾਂ ਨੇ ਜੀਜੇ 'ਤੇ ਵੀ ਹਮਲਾ ਕਰਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। ਹੱਦ ਤਾਂ ਉਦੋਂ ਹੋ ਗਈ ਜਦੋਂ ਮੁਲਜ਼ਮਾਂ ਨੇ ਪੀੜਤਾ ਦੇ ਗਰਭਵਤੀ ਹੋਣ ਦੇ ਬਾਵਜੂਦ ਉਸ ਦੇ ਪੇਟ ਵਿਚ ਲੱਤਾਂ ਮਾਰੀਆਂ। ਇਸ ਬੇਰਹਿਮੀ ਕਾਰਨ ਔਰਤ ਦਾ ਗਰਭਪਾਤ ਹੋ ਗਿਆ ਅਤੇ 2 ਮਹੀਨਿਆਂ ਦਾ ਮਾਸੂਮ ਬੱਚਾ ਦੁਨੀਆ ਦੇਖਣ ਤੋਂ ਪਹਿਲਾਂ ਹੀ ਕੁੱਖ ਵਿਚ ਦਮ ਤੋੜ ਗਿਆ। ਪੁਲਸ ਨੇ ਸਹੁਰਾ ਪਰਿਵਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। 


author

Anmol Tagra

Content Editor

Related News