ਸੰਘਣੀ ਧੁੰਦ ਨੇ ਰੋਕੀ ਟ੍ਰੇਨਾਂ ਦੀ ਰਫ਼ਤਾਰ, ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਸਮੇਤ ਕਈ ਟ੍ਰੇਨਾਂ ਲੇਟ
Thursday, Feb 05, 2026 - 10:29 AM (IST)
ਅੰਮ੍ਰਿਤਸਰ (ਜਸ਼ਨ) : ਉੱਤਰ ਭਾਰਤ ’ਚ ਪਿਛਲੇ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਸੰਘਣੀ ਧੁੰਦ ਕਾਰਨ ਇਕ ਵਾਰ ਫਿਰ ਟ੍ਰੇਨਾਂ ਦੀ ਰਫ਼ਤਾਰ ਨੂੰ ਬ੍ਰੇਕ ਲੱਗੀ ਹੈ। ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਸਮੇਤ ਕਈ ਟ੍ਰੇਨਾਂ ਲੇਟ ਹੋਈਆਂ ਹਨ। ਦੱਸ ਦੇਈਏ ਕਿ ਇਕ ਵਾਰ ਫਿਰ ਸੰਘਣੀ ਧੁੰਦ ਨੇ ਰੇਲ ਯਾਤਰੀਆਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਸਵੇਰ ਦੇ ਸਮੇਂ ਵਿਜ਼ੀਬਿਲਟੀ ਬੇਹੱਦ ਘੱਟ ਰਹਿਣ ਕਾਰਨ ਰੇਲ ਆਵਾਜਾਈ ’ਤੇ ਸਿੱਧਾ ਅਸਰ ਪਿਆ ਹੈ। ਦਿੱਲੀ ਤੋਂ ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵੱਲ ਜਾਣ ਵਾਲੀ ਕਈ ਟ੍ਰੇਨਾਂ ਆਪਣੀ ਤੈਅ ਸਮੇਂ ਦੀ ਸੀਮਾ ਤੋਂ ਦੇਰੀ ਨਾਲ ਚੱਲ ਰਹੀਆਂ ਹਨ, ਜਿਸ ਨਾਲ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਦਿੱਲੀ ਤੋਂ ਚੱਲਣ ਵਾਲੀ ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ ਕਰੀਬ ਇਕ ਤੋਂ ਡੇਢ ਘੰਟੇ ਦੀ ਦੇਰੀ ਨਾਲ ਰਵਾਨਾ ਹੋਈ। ਧੁੰਦ ਕਾਰਨ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਟ੍ਰੇਨਾਂ ਦੀ ਗਤੀ ਸੀਮਤ ਰੱਖਣੀ ਪਈ।
ਇਹ ਵੀ ਪੜ੍ਹੋ : ਖੰਨਾ ਪੁਲਸ ਵੱਲੋਂ ਵਿਦੇਸ਼ ਬੈਠੇ ਗੈਂਗਸਟਰਾਂ ਲਈ ਕੰਮ ਕਰ ਰਹੇ ਦੋ ਸਕੇ ਭਰਾ ਸ਼ੂਟਰ ਗ੍ਰਿਫ਼ਤਾਰ
ਸੰਘਣੀ ਧੁੰਦ ਕਾਰਨ ਟ੍ਰੈਕ ’ਤੇ ਵਿਜ਼ੀਬਿਲਟੀ ਰਹੀ ਕਾਫੀ ਘੱਟ
ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਵੇਰੇ ਸੰਘਣੀ ਧੁੰਦ ਛਾਈ ਰਹਿਣ ਨਾਲ ਟ੍ਰੈਕ ’ਤੇ ਵਿਜ਼ੀਬਿਲਟੀ ਕਾਫੀ ਘੱਟ ਹੋ ਗਈ ਸੀ, ਜਿਸ ਕਾਰਨ ਇਹਤਿਆਤ ਵਜੋਂ ਰੇਲਗੱਡੀਆਂ ਦੀ ਰਫ਼ਤਾਰ ਨੂੰ ਘੱਟ ਕਰਨਾ ਪਿਆ। ਸ਼ਤਾਬਦੀ ਐਕਸਪ੍ਰੈੱਸ, ਸ਼ਾਨ-ਏ-ਪੰਜਾਬ ਅਤੇ ਦਿੱਲੀ-ਪਠਾਨਕੋਟ ਐਕਸਪ੍ਰੈੱਸ ਵਰਗੀਆਂ ਪ੍ਰਮੁੱਖ ਟ੍ਰੇਨਾਂ ਵੀ ਨਿਰਧਾਰਿਤ ਸਮੇਂ ਤੋਂ ਪਿੱਛੇ ਚੱਲ ਰਹੀਆਂ ਹਨ। ਟ੍ਰੇਨਾਂ ਦੇ ਲੇਟ ਹੋਣ ਨਾਲ ਨਵੀਂ ਦਿੱਲੀ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਦੀ ਭੀੜ ਵੱਧ ਗਈ।
ਯਾਤਰੀਆਂ ਨੂੰ ਪਲੇਟਫਾਰਮ ’ਤੇ ਕਰਨਾ ਪਿਆ ਲੰਬਾ ਇੰਤਜ਼ਾਰ
ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਪਲੇਟਫਾਰਮ ’ਤੇ ਲੰਬਾ ਇੰਤਜ਼ਾਰ ਕਰਨਾ ਪਿਆ। ਕਈ ਯਾਤਰੀਆਂ ਨੇ ਸਮੇਂ ’ਤੇ ਜਾਣਕਾਰੀ ਨਾ ਮਿਲਣ ਦੀ ਵੀ ਸ਼ਿਕਾਇਤ ਕੀਤੀ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁਝ ਘੰਟਿਆਂ ਤੱਕ ਧੁੰਦ ਦੀ ਸਥਿਤੀ ਬਣੀ ਰਹਿ ਸਕਦੀ ਹੈ, ਅਜਿਹੇ ’ਚ ਯਾਤਰੀਆਂ ਨੂੰ ਯਾਤਰਾ ਤੋਂ ਪਹਿਲਾਂ ਟ੍ਰੇਨ ਦੀ ਸਥਿਤੀ ਦੀ ਜਾਣਕਾਰੀ ਲੈਣ ਦੀ ਸਲਾਹ ਦਿੱਤੀ ਗਈ ਹੈ।
