ਫਾਜ਼ਿਲਕਾ ਸਰਹੱਦ ''ਤੇ ਮੁੜ ਰਿਟਰੀਟ ਸੈਰੇਮਨੀ ਸ਼ੁਰੂ, BSF ਜਵਾਨਾਂ ''ਤੇ ਹੋਈ ਫੁੱਲਾਂ ਦੀ ਵਰਖ਼ਾ
Wednesday, May 21, 2025 - 11:27 AM (IST)

ਫਾਜ਼ਿਲਕਾ (ਸੁਖਵਿੰਦਰ ਥਿੰਦ) : ਪਹਿਲਗਾਮ ਹਮਲੇ ਕਾਰਨ ਕੁੱਝ ਦਿਨਾਂ ਲਈ ਭਾਰਤ-ਪਾਕਿ ਦੋਹਾਂ ਮੁਲਕਾਂ ਵਿਚਾਲੇ ਜੰਗ ਵਰਗਾ ਮਾਹੌਲ ਬਣਿਆ ਹੋਇਆ ਸੀ। ਇਸ ਦੌਰਾਨ ਅੰਤਰਰਾਸ਼ਟਰੀ ਸਰਹੱਦ 'ਤੇ ਪਰੇਡ ਵੀ ਬੰਦ ਕਰ ਦਿੱਤੀ ਗਈ ਸੀ। ਪਿਛਲੇ ਕੁੱਝ ਦਿਨਾਂ ਤੋਂ ਦੋਹਾਂ ਮੁਲਕਾਂ ਵਿਚਕਾਰ ਅਮਨ-ਸ਼ਾਂਤੀ ਹੋਣ ਕਰਕੇ ਹੁਣ ਮੁੜ ਤੋਂ ਫਾਜ਼ਿਲਕਾ ਸੈਕਟਰ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਦੋਹਾਂ ਦੇਸ਼ਾਂ ਵਿਚਕਾਰ ਰੋਜ਼ਾਨਾ ਰਿਟਰੀਟ ਸੈਰੇਮਨੀ ਮੁੜ ਸ਼ੁਰੂ ਹੋ ਗਈ ਹੈ।
ਰਿਟਰੀਟ ਸੈਰੇਮਨੀ ਵਾਲੀ ਥਾਂ ਤੋਂ ਜਾਣਕਾਰੀ ਦਿੰਦੇ ਹੋਏ ਬਾਰਡਰ ਏਰੀਆ ਵਿਕਾਸ ਫਰੰਟ ਦੇ ਮੁਖੀ ਲੀਲਾਧਰ ਸ਼ਰਮਾ ਨੇ ਬੀ. ਐੱਸ. ਐੱਫ. ਦੇ ਜਵਾਨਾਂ ਦੀ ਬਹਾਦਰੀ 'ਤੇ ਖੁਸ਼ੀ ਪ੍ਰਗਟ ਕੀਤੀ, ਜਿਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਖੇਤਰ ਵਿੱਚ 'ਆਪਰੇਸ਼ਨ ਸਿੰਦੂਰ' ਚਲਾ ਕੇ ਦੁਸ਼ਮਣਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਸੀ। ਵੱਡੀ ਗਿਣਤੀ ਵਿੱਚ ਮੌਜੂਦ ਦਰਸ਼ਕਾਂ ਨੇ ਬੀ. ਐੱਸ. ਐੱਫ. ਅਧਿਕਾਰੀਆਂ ਅਤੇ ਜਵਾਨਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਆਸਮਾਨ ਨੂੰ ਵੰਦੇ ਮਾਤਰਮ, ਭਾਰਤ ਮਾਤਾ ਕੀ ਜੈ ਦੇ ਨਾਅਰਿਆਂ ਨਾਲ ਗੂੰਜਣ ਲਾ ਦਿੱਤਾ।
ਇਹ ਦੇਖ ਕੇ ਪਾਕਿਸਤਾਨੀ ਹੱਕੇ-ਬੱਕੇ ਰਹਿ ਗਏ। ਫਾਜ਼ਿਲਕਾ ਦੇ ਸਮਾਜ ਸੇਵਕ ਸੁਰੇਂਦਰ ਬੇਨੀਵਾਲ, ਰੂਪੇਸ਼ ਬਾਂਸਲ, ਮਨਿਲ ਸੇਠੀ ਅਤੇ ਹੋਰਾਂ ਨੇ ਮਿਲ ਕੇ ਬੀ. ਐੱਸ. ਐੱਫ. ਕਮਾਂਡੈਂਟ ਅਜੇ ਕੁਮਾਰ ਅਤੇ ਹੋਰ ਅਧਿਕਾਰੀਆਂ ਨੂੰ ਮਠਿਆਈਆਂ ਖੁਆਈਆਂ ਅਤੇ ਫ਼ੌਜੀਆਂ ਨੂੰ 'ਆਪਰੇਸ਼ਨ ਸਿੰਦੂਰ' ਨੂੰ ਅੰਜਾਮ ਦੇ ਕੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਉਨ੍ਹਾਂ ਦੀ ਬਹਾਦਰੀ ਲਈ ਵਧਾਈ ਦਿੱਤੀ।