ਸੇਵਾਮੁਕਤੀ ਉਮਰ ਹੱਦ ਘੱਟ ਕਰਨ ਦੇ ਮਾਮਲੇ ’ਚ ''ਕੈਟ'' ਨੇ ਸੁਰੱਖਿਅਤ ਰੱਖਿਆ ਫ਼ੈਸਲਾ
Wednesday, Sep 30, 2020 - 01:55 PM (IST)
ਚੰਡੀਗੜ੍ਹ (ਸੰਦੀਪ) : ਚੰਡੀਗੜ੍ਹ ’ਚ ਵੀ ਪੰਜਾਬ ਦੀ ਤਰਜ਼ ’ਤੇ ਮੁਲਾਜ਼ਮਾਂ ਦੀ ਸੇਵਾਮੁਕਤੀ ਉਮਰ ਹੱਦ ਘਟਾ ਕੇ 58 ਸਾਲ ਕੀਤੇ ਜਾਣ ਦਾ ਵਿਰੋਧ ਕਰਦੇ ਹੋਏ 2 ਕਾਲਜਾਂ ਦੇ ਕੁਝ ਅਧਿਆਪਕਾਂ ਨੇ ਕੈਟ ’ਚ ਚੁਣੌਤੀ ਦਿੱਤੀ ਸੀ। ਪਟੀਸ਼ਨ ’ਤੇ ਬਚਾਅ ਪੱਖ ਵਲੋਂ ਮੰਗਲਵਾਰ ਨੂੰ ਜਵਾਬ ਦਰਜ ਕਰਨ ਤੋਂ ਬਾਅਦ ਦੋਵਾਂ ਪੱਖਾਂ ’ਚ ਬਹਿਸ ਹੋਈ। ਦਲੀਲਾਂ ਸੁਣਨ ਤੋਂ ਬਾਅਦ ਕੈਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਅਤੇ ਹੁਣ ਮਾਮਲੇ ’ਚ ਕੈਟ ਕਦੇ ਵੀ ਆਪਣਾ ਫ਼ੈਸਲਾ ਸੁਣਾ ਸਕਦਾ ਹੈ, ਉੱਥੇ ਹੀ ਸੇਵਾਮੁਕਤੀ ਦੀ ਉਮਰ ਹੱਦ 58 ਸਾਲ ਤੈਅ ਕਰਨ ਦੇ ਹੁਕਮ ’ਤੇ ਫਿਲਹਾਲ ਸਟੇਅ ਲਾਉਣ ਦੀ ਪਟੀਸ਼ਨ ਨੂੰ ਕੈਟ ਨੇ ਪਹਿਲਾਂ ਹੀ ਖਾਰਿਜ ਕਰ ਦਿੱਤਾ ਸੀ।
ਪੀ. ਯੂ. ਕੇਂਦਰ ਦੇ ਅਧੀਨ ਨਹੀਂ : ਬਚਾਅ ਪੱਖ
ਬਚਾਅ ਪੱਖ ਵਲੋਂ ਪੇਸ਼ ਹੋਏ ਵਕੀਲ ਕੇ. ਕੇ. ਠਾਕੁਰ ਨੇ ਪਟੀਸ਼ਨਰਾਂ ਦੀਆਂ ਦਲੀਲਾਂ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਪਹਿਲਾਂ ਜਦੋਂ ਪੰਜਾਬ ਨੇ ਉਮਰ ਹੱਦ 58 ਤੋਂ ਵਧਾ ਕੇ 60 ਕੀਤੀ ਸੀ, ਤਦ ਵੀ ਯੂ. ਟੀ. ਨੇ ਪੰਜਾਬ ਨਿਯਮਾਂ ਨੂੰ ਅਪਣਾ ਕੇ ਆਪਣੇ ਇੱਥੇ ਲਾਗੂ ਕੀਤਾ ਸੀ। ਹੁਣ ਜਦੋਂ ਪੰਜਾਬ ਨੇ ਉਮਰ ਹੱਦ ਘੱਟ ਕੀਤੀ ਹੈ ਤਾਂ ਉਹ ਵੀ ਉਨ੍ਹਾਂ ਨੇ ਅਪਣਾਈ ਹੈ। ਏ. ਆਈ. ਸੀ. ਟੀ. ਈ. ਦੇ ਨਿਯਮਾਂ ਤਹਿਤ ਉਨ੍ਹਾਂ ਨੂੰ ਲਾਭ ਮਿਲਦਾ ਹੈ, ਜੋ ਆਦਾਰਾ ਕੇਂਦਰ ਸਰਕਾਰ ਅਧੀਨ ਹੋਵੇ ਪਰ ਪੀ. ਯੂ. ਕੇਂਦਰ ਅਧੀਨ ਨਹੀਂ ਹੈ ਇਸ ਲਈ ਨਿਯਮਾਂ ਮੁਤਾਬਕ ਇੱਥੇ ਪੰਜਾਬ ਦੇ ਨਿਯਮ ਲਾਗੂ ਕੀਤਾ ਜਾ ਸਕਦੇ ਹਨ।
7 ਮਹਿਕਮਿਆਂ ਖ਼ਿਲਾਫ਼ ਦਰਜ ਕੀਤਾ ਹੈ ਕੇਸ
ਕੈਟ 'ਚ ਪਟੀਸ਼ਨ ਦਰਜ ਕਰਦੇ ਹੋਏ ਸੈਕਟਰ-10 ਸਥਿਤ ਸਰਕਾਰੀ ਕਾਲਜ ਆਫ ਆਰਟਸ ਅਤੇ ਸੈਕਟਰ-12 ਸਥਿਤ ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰ ਦੇ 8 ਅਧਿਆਪਕਾਂ ਨੇ ਚੰਡੀਗੜ੍ਹ ਪ੍ਰਸ਼ਾਸਨ, ਟੈਕਨੀਕਲ ਐਜੂਕੇਸ਼ਨ ਡਿਪਾਰਟਮੈਂਟ, ਏ. ਆਈ. ਸੀ. ਟੀ. ਈ. ਸਮੇਤ ਕੁੱਲ ਸੱਤ ਮਹਿਕਮਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਟੀਸ਼ਨਰਾਂ ਵਲੋਂ ਪੇਸ਼ ਹੋਏ ਵਕੀਲ ਅਰਜਨ ਪ੍ਰਤਾਪ ਰਾਮ ਨੇ ਦੱਸਿਆ ਕਿ ਚੰਡੀਗੜ੍ਹ ਇਕ ਯੂ. ਟੀ. ਹੈ ਅਤੇ ਇੱਥੋਂ ਦੇ ਸਾਰੇ ਕਾਲਜ ਵੀ ਕੇਂਦਰ ਸਰਕਾਰ ਅਧੀਨ ਹਨ। ਇਨ੍ਹਾਂ ਕਾਲਜਾਂ ਨੂੰ ਕੇਂਦਰ ਸਰਕਾਰ ਵਲੋਂ ਫੰਡਿੰਗ ਵੀ ਹੁੰਦੀ ਹੈ। ਕੇਂਦਰ ਨੇ ਨਿਯਮਾਂ ’ਚ ਬਦਲਾਅ ਕੀਤਾ ਸੀ ਕਿ ਟੈਕਨੀਕਲ ਕਾਲਜਾਂ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਸੇਵਾਮੁਕਤੀ ਦੀ ਉਮਰ ਹੱਦ ਏ. ਆਈ. ਸੀ. ਟੀ. ਈ. ਦੇ ਨਿਯਮਾਂ ਮੁਤਾਬਕ ਹੋਵੇਗੀ, ਜਿਸ ’ਚ 65 ਸਾਲ ਦੀ ਵਿਵਸਥਾ ਹੈ ਪਰ ਪੰਜਾਬ ਸਰਕਾਰ ਨੇ ਬੀਤੇ ਦਿਨੀਂ ਆਪਣੇ ਮੁਲਾਜ਼ਮਾਂ ਦੀ ਸੇਵਾਮੁਕਤੀ ਦੀ ਉਮਰ ਹੱਦ 58 ਸਾਲ ਕਰ ਦਿੱਤੀ ਸੀ, ਜਿਸ ਤੋਂ ਬਾਅਦ ਚੰਡੀਗੜ੍ਹ ਨੇ ਵੀ ਆਪਣੇ ਇੱਥੇ ਇਹ ਨਿਯਮ ਲਾਗੂ ਕਰ ਦਿੱਤਾ।