ਰਿਟਾਇਰਡ ਪੁਲਸ ਅਫ਼ਸਰ ਨਾਲ ਮਾਰੀ ਲੱਖਾਂ ਦੀ ਠੱਗੀ, ਇੰਝ ਫਸਾਇਆ ਜਾਲ ’ਚ

Friday, Aug 26, 2022 - 03:11 PM (IST)

ਰਿਟਾਇਰਡ ਪੁਲਸ ਅਫ਼ਸਰ ਨਾਲ ਮਾਰੀ ਲੱਖਾਂ ਦੀ ਠੱਗੀ, ਇੰਝ ਫਸਾਇਆ ਜਾਲ ’ਚ

ਮਲੋਟ (ਸ਼ਾਮ ਜੁਨੇਜਾ) : ਇਕ ਸ਼ਾਤਿਰ ਗਿਰੋਹ ਵੱਲੋਂ 200 ਦਿਨ ਵਿਚ ਰਕਮ ਦੁੱਗਣੀ ਕਰਨ ਅਤੇ ਪਲਾਟਾਂ ਦੇ ਜਾਅਲੀ ਇਕਰਾਰਨਾਮੇ ਦੇ ਝਾਂਸੇ ਵਿਚ ਇਕ ਰਿਟਾ. ਪੁਲਸ ਅਫ਼ਸਰ ਨਾਲ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਪੁਲਸ ਨੇ ਇਸ ਮਾਮਲੇ ਦੀ ਜਾਂਚ ਉਪਰੰਤ ਤਿੰਨ ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਮੁਕੱਦਮਾਂ ਦਰਜ ਕਰ ਲਿਆ ਹੈ। ਇਸ ਸਬੰਧੀ ਸਿਟੀ ਮਲੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਚੰਦਰ ਸ਼ੇਖਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੁਰਸੇਵਕ ਸਿੰਘ ਪੁੱਤਰ ਕਾਸ਼ੀ ਸਿੰਘ ਵਾਸੀ ਗਲੀ ਨੰਬਰ 1 ਆਦਰਸ਼ ਨਗਰ ਮਲੋਟ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸਦੇ ਲੜਕੇ ਦੀ ਬਠਿੰਡਾ ਰੋਡ ’ਤੇ ਨਰਸਰੀ ਹੈ, ਜਿਥੇ ਮੈਂ ਆਪਣੇ ਲੜਕੇ ਦੀ ਮਦਦ ਲਈ ਜਾਂਦਾ ਹਾਂ। ਇਕ ਦਿਨ ਨਰਸਰੀ ’ਤੇ ਮੇਰਾ ਦੋਸਤ ਸਾਬਕਾ ਫੌਜੀ ਬਾਲ ਕਿਸ਼ਨ ਵਾਸੀ ਚੂਹੜੀਵਾਲਾ ਧੰਨਾ ਆਇਆ ਜਿਸ ਨੇ ਮੈਂਨੂੰ ਆਪਣੇ ਦੋਸਤ ਧਰਮਪਾਲ ਪੁੱਤਰ ਕਾਲੂ ਰਾਮ ਵਾਸੀ ਸ਼ੇਰਗੜ੍ਹ ਤਹਿਸੀਲ ਅਬੋਹਰ ਨਾਲ ਮਿਲਾਇਆ ਅਤੇ ਦੱਸਿਆ ਕਿ ਮੈਂ ਪੰਜਾਬ ਪੁਲਸ ਵਿਚੋਂ ਇੰਸਪੈਕਟਰ ਰਿਟਾਇਰ ਹੋਇਆ ਹਾਂ। ਧਰਮਪਾਲ ਨੇ ਦੱਸਿਆ ਕਿ ਉਸਦੇ ਭਰਾ ਬਰਿੱਜ ਲਾਲ ਅਤੇ ਤੁਲਸੀ ਦਾਸ ਪੁਤਰਾਨ ਤੀਰਥ ਦਾਸ ਵਾਸੀਆਂ ਹਨੂੰਮਾਨਗੜ ਨੇ ਗਰੀਨ ਸਟਾਰ ਮਾਰਕੀਟਿੰਗ ਕਾਰਪੋਰੇਸ਼ਨ ਨਾਮ ਦੀ ਇਕ ਕੰਪਨੀ ਬਣਾਈ ਹੈ ਜਿਸ ਵਿਚ ਪੈਸੇ ਇਨਵੈਸਟ ਕਰਨ ’ਤੇ ਉਹ 200/250 ਦਿਨ ਵਿਚ ਦੁੱਗਣੇ ਕਰਕੇ ਪੈਸੇ ਵਾਪਸ ਕਰਦੇ ਹਨ। 

ਕੁਝ ਦਿਨਾਂ ਬਾਅਦ ਧਰਮਪਾਲ ਨੇ ਮੈਨੂੰ ਬਰਿੱਜ ਲਾਲ ਅਤੇ ਤੁਲਸੀ ਦਾਸ ਨਾਲ ਮਿਲਾਇਆ ਜਿਹਨਾਂ ਸਕੀਮਾਂ ਤਹਿਤ ਪੈਸੇ ਦੁੱਗਣੇ ਕਰਨ ਅਤੇ ਗਰੰਟੀ ਵਜੋਂ ਆਪਣੇ ਤੀਸਰੇ ਹਿੱਸੇਦਾਰ ਨਿਲਨ ਸਿੰਧੀ ਪੁੱਤਰ ਜੈ ਕ੍ਰਿਸ਼ਨ ਵੱਲੋਂ ਹਨੂੰਮਾਨਗੜ ਅਬੋਹਰ ਰੋਡ ਤੇ ਕੱਟੀ ਕਲੋਨੀ ਬਾਲਾ ਜੀ ਇਨਕਲੇਵ ਵਿਚ ਪਲਾਟਾਂ ਦਾ ਇਕਰਾਰਨਾਮਾ ਕਰਕੇ ਦੇਣ ਦਾ ਵਿਸ਼ਾਵਾਸ ਦਿਵਾਇਆ। ਸ਼ਿਕਾਇਤ ਕਰਤਾ ਅਨੁਸਾਰ ਉਸਨੇ ਵਿਸ਼ਵਾਸ ਕਰਕੇ ਵੱਖ-ਵੱਖ ਕਿਸ਼ਤਾਂ ਵਿਚ ਆਪਣੇ ਖਾਤੇ ’ਚੋਂ ਉਨ੍ਹਾਂ ਦੀ ਕੰਪਨੀ ਦੇ ਖਾਤੇ ਵਿਚ 6/7/19 ਤੱਕ 21ਲੱਖ 40 ਹਜ਼ਾਰ ਰੁਪਏ ਲਗਾ ਦਿੱਤੇ। ਉਨ੍ਹਾਂ ਨੇ ਕਲੋਨੀ ਦੇ ਪਲਾਟਾਂ ਵਿਚੋਂ ਸ਼ਿਕਾਇਤ ਕਰਤਾ ਨਾਲ ਇਕਰਾਰਨਾਮਾ ਵੀ ਕੀਤਾ ਅਤੇ ਨਾਲ ਹੀ ਕਿਸ਼ਤਾ ਵਿਚ ਪੈਸੇ ਵਾਪਸ ਕਰਨ ਲੱਗੇ। ਉਕਤ ਵਿਅਕਤੀਆਂ ਨੇ ਮੇਰੇ ਲਾਏ ਪੈਸਿਆਂ ਦੇ 42 ਲੱਖ 80 ਹਜ਼ਾਰ ਰੁਪਏ ਮੋੜਨ ਦੀ ਬਜਾਏ ਹੁਣ ਤੱਕ 16 ਲੱਖ 11 ਹਜ਼ਾਰ 77 ਰੁਪਏ ਮੋੜੇ ਹਨ ਅਤੇ ਅਦਾਇਗੀ ਕਰਨੀ ਬੰਦ ਕਰ ਦਿੱਤੀ ਜਦੋਂ ਉਨ੍ਹਾਂ ਵੱਲੋਂ ਕਲੋਨੀ ਵਿਚ ਕੱਟੇ ਪਲਾਟਾਂ ਦੇ ਇਕਰਾਰਨਾਮੇ ਸਬੰਧੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਕੋਈ ਕਲੋਨੀ ਪਾਸ ਨਹੀਂ ਕਰਵਾਈ ਅਤੇ ਮੇਰੇ ਨਾਲ ਠੱਗੀ ਮਾਰੀ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਕਤ ਵਿਅਕਤੀਆਂ ਨੇ ਮੇਰੇ ਨਾਲ ਧੋਖਾਧੜੀ ਕਰਨ ਦੀ ਮਨਸ਼ਾ ਨਾਲ ਹੀ ਪੈਸੇ ਲਵਾਏ ਸਨ, ਇਸ ਲਈ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਦੀ ਜਾਂਚ ਪੜਤਾਲ ਉਪਰੰਤ ਸਿਟੀ ਮਲੋਟ ਪੁਲਸ ਨੇ ਬਰਿੱਜ ਲਾਲ, ਤੁਲਸੀ ਦਾਸ ਅਤੇ ਨਿਲਨ ਸਿੰਧੀ ਵਿਰੁੱਧ ਐੱਫ਼.ਆਈ.ਆਰ.ਨੰਬਰ 220 ਮਿਤੀ 25/8/22 ਅ/ਧ 40,120ਬੀ ਤਹਿਤ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News