ਡੀ. ਸੀ. ਵੱਲੋਂ ਚਾਈਨਾ ਡੋਰ ਵੇਚਣ, ਖਰੀਦਣ, ਸਟੋਰ ਕਰਨ ਤੇ ਵਰਤਣ ''ਤੇ ਪਾਬੰਦੀ

Tuesday, Apr 17, 2018 - 03:18 AM (IST)

ਕਪੂਰਥਲਾ, (ਗੁਰਵਿੰਦਰ ਕੌਰ, ਮਲਹੋਤਰਾ)- ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਕਪੂਰਥਲਾ ਦੀ ਹਦੂਦ ਅੰਦਰ ਪਤੰਗਾਂ, ਨਾਈਲਨ ਦੀ ਬਣੀ ਡੋਰ, ਚਾਈਨਾ ਡੋਰ ਤੇ ਸਿੰਥੈਟਿਕ ਮਾਂਜਾ ਲੱਗੀ ਡੋਰ ਨੂੰ ਵੇਚਣ, ਖ਼ਰੀਦਣ, ਸਟੋਰ ਕਰਨ ਤੇ ਇਸਦੀ ਵਰਤੋਂ ਕਰਨ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ।
ਡੀ. ਸੀ. ਤਇਅਬ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਕਿ ਅੱਜਕਲ ਪਤੰਗ/ਗੁੱਡੀਆਂ ਉਡਾਉਣ ਲਈ ਲੋਕਾਂ ਵੱਲੋਂ ਚਾਈਨਾ ਡੋਰ ਦੀ ਵਰਤੋਂ ਕਾਫੀ ਮਾਤਰਾ 'ਚ ਕੀਤੀ ਜਾਂਦੀ ਹੈ। ਚਾਈਨਾ ਡੋਰ ਸੂਤੀ ਧਾਗੇ ਤੋਂ ਹਟ ਕੇ ਪਲਾਸਟਿਕ ਦੀ ਬਣੀ ਹੁੰਦੀ ਹੈ, ਜੋ ਕਾਫੀ ਮਜ਼ਬੂਤ ਹੁੰਦੀ ਹੈ, ਜਿਸ ਨਾਲ ਪਤੰਗ ਉਡਾਉਣ ਵਾਲਿਆਂ ਦੇ ਹੱਥ ਤੇ ਉਂਗਲਾਂ ਕੱਟਣ, ਸਾਈਕਲ ਤੇ ਸਕੂਟਰ ਚਾਲਕਾਂ ਦੇ ਗਲ ਅਤੇ ਕੰਨ ਕੱਟਣ ਆਦਿ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਹ ਡੋਰ ਮਨੁੱਖੀ ਜਾਨਾਂ ਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ। ਇਸ ਲਈ ਚਾਈਨਾ ਡੋਰ ਨੂੰ ਵੇਚਣ ਤੋਂ ਰੋਕਣ ਲਈ ਢੁਕਵੇਂ ਕਦਮ ਚੁੱਕਣ ਦੀ ਫੌਰੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਪਾਬੰਦੀ ਦਾ ਇਹ ਹੁਕਮ 13 ਜੂਨ 2018 ਤੱਕ ਲਾਗੂ ਰਹੇਗਾ।


Related News