Momos ਵੇਚਣ ਵਾਲੇ ਦੀਆਂ ਕੁਹਾੜੀ ਨਾਲ ਵੱਢ''ਤੀਆਂ ਉਂਗਲਾਂ
Sunday, Dec 28, 2025 - 01:22 PM (IST)
ਬਠਿੰਡਾ (ਸੁਖਵਿੰਦਰ)- ਬੀਤੀ ਦੇਰ ਰਾਤ ਤਿੰਨ ਨੌਜਵਾਨਾਂ ਨੇ ਰੇਹੜੀ ਲੈ ਕੇ ਵਾਪਸ ਘਰ ਪਰਤ ਰਹੇ ਇਕ ਮੋਮੋਜ਼ ਵਿਕਰੇਤਾ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਹਮਲਾਵਰਾਂ ਨੇ ਉਸ ’ਤੇ ਕੁਹਾੜੀ ਨਾਲ ਹਮਲਾ ਕੀਤਾ, ਜਿਸ ਕਾਰਨ ਉਸ ਦੀਆਂ ਉਂਗਲਾਂ ਵੱਢੀਆਂ ਗਈਆਂ।
ਜਾਣਕਾਰੀ ਅਨੁਸਾਰ ਮਾਨ ਬਹਾਦਰ (30) ਵਾਸੀ ਰੇਲਵੇ ਕਾਲੋਨੀ ਪ੍ਰਤਾਪ ਨਗਰ ਦੀ ਇਕ ਗਲੀ ’ਚ ਮੋਮੋਜ ਦੀ ਰੇਹੜੀ ਲਗਾਉਂਦਾ ਸੀ। ਬੀਤੀ ਰਾਤ ਕੰਮ ਤੋਂ ਘਰ ਵਾਪਸ ਆਉਂਦੇ ਸਮੇਂ ਤਿੰਨ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਇਕ ਗਲੀ ’ਚ ਰੋਕਿਆ ਅਤੇ ਲੁੱਟਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ’ਤੇ ਕੁਹਾੜੀ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਪਣਾ ਹੱਥ ਅੱਗੇ ਕਰ ਦਿੱਤਾ, ਜਿਸ ਕਾਰਨ ਉਸ ਦੀਆਂ ਦੋ-ਤਿੰਨ ਉਂਗਲਾਂ ਵੱਢੀਆਂ ਗਈਆਂ। ਜਦੋਂ ਗਲੀ ’ਚ ਮੌਜੂਦ ਲੋਕ ਇਕੱਠੇ ਹੋਏ ਅਤੇ ਹਮਲਾਵਰ ਮੌਕੇ ਤੋਂ ਭੱਜ ਗਏ। ਬਾਅਦ ’ਚ ਨੌਜਵਾਨ ਵੈੱਲਫੇਅਰ ਸੋਸਾਇਟੀ ਦੀ ਇਕ ਟੀਮ ਜ਼ਖਮੀ ਮਾਨ ਬਹਾਦਰ ਨੂੰ ਸਿਵਲ ਹਸਪਤਾਲ ਲੈ ਗਈ। ਕੈਨਾਲ ਕਾਲੋਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
