ਉੱਪ-ਮੁੱਖ ਮੰਤਰੀ ਰੰਧਾਵਾ ਨੇ ਲਾਇਆ ਖੁੱਲ੍ਹਾ ਦਰਬਾਰ, ਮੌਕੇ ’ਤੇ ਹੀ ਸ਼ਿਕਾਇਤਾਂ ਦਾ ਨਿਪਟਾਰਾ

10/30/2021 3:34:17 PM

ਜਲੰਧਰ (ਧਵਨ) : ਪੰਜਾਬ ਦੇ ਉੱਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਕਿਹਾ ਕਿ ਅਧਿਕਾਰੀਆਂ ਨੂੰ ਜਨਤਾ ਦੀਆਂ ਸ਼ਿਕਾਇਤਾਂ ਜ਼ਿਲਿਆਂ ’ਚ ਹੀ ਹੱਲ ਕਰਨੀਆਂ ਹਨ ਅਤੇ ਜਨਤਾ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਜਾਣ ਦੀ ਲੋੜ ਨਾ ਪਵੇ। ਰੰਧਾਵਾ ਨੇ ਪਿੰਡ ਧਾਰੋਵਾਲੀ ’ਚ ਜਨਤਾ ਦਰਬਾਰ ਲਗਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਿਆ ਅਤੇ ਮੌਕੇ ’ਤੇ ਹੀ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ। ਉਨ੍ਹਾਂ ਕਿਹਾ ਕਿ ਜਨਤਾ ਦਾ ਸਥਾਨ ਲੋਕਤੰਤਰ ’ਚ ਸਭ ਤੋਂ ਉੱਪਰ ਹੈ। ਇਸ ਲਈ ਜਨਤਾ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਕਰਨਾ ਹੈ। ਰੰਧਾਵਾ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਸਰਕਾਰ ਲੋਕਾਂ ਨੂੰ ਚੰਗਾ ਸ਼ਾਸਨ ਦੇਣ ਦੇ ਟੀਚੇ ਨਾਲ ਸੱਤਾ ’ਚ ਆਈ ਹੈ ਅਤੇ ਅਧਿਕਾਰੀਆਂ ਨੂੰ ਹੁਣ ਸੂਬੇ ’ਚ ਆਏ ਬਦਲਾਅ ਦੀ ਹਵਾ ਨੂੰ ਮਹਿਸੂਸ ਕਰਨਾ ਚਾਹੀਦਾ ਹੈ। ਪੰਜਾਬ ’ਚ ਕਾਂਗਰਸ ਮਜ਼ਬੂਤ ਸਥਿਤੀ ’ਚ ਹੈ ਅਤੇ ਵਿਧਾਨ ਸਭਾ ਚੋਣਾਂ ’ਚ ਪਾਰਟੀ ਮੁੜ ਬਹੁਮਤ ਹਾਸਲ ਕਰ ਕੇ ਆਪਣੀ ਸਰਕਾਰ ਬਣਾਏਗੀ। ਉਨ੍ਹਾਂ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ’ਤੇ ਵਰ੍ਹਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਪੰਜਾਬ ਦੀ ਭਲਾਈ ਨੂੰ ਲੈ ਕੇ ਕੋਈ ਵੀ ਏਜੰਡਾ ਨਹੀਂ ਹੈ। ਉਹ ਸਿਰਫ ਕਿਸਾਨਾਂ, ਵਪਾਰੀਆਂ ਅਤੇ ਹੋਰ ਵਰਗਾਂ ਨੂੰ ਗੁੰਮਰਾਹ ਕਰ ਕੇ ਵੋਟਾਂ ਲੈਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਏਜੰਡਾ ਪੰਜਾਬ ਨੂੰ ਪਿੱਛੇ ਵੱਲ ਲਿਜਾਣਾ ਹੈ। ਉਹ ਸਾਕਾਰਾਤਮਕ ਸਿਆਸਤ ਨਹੀਂ ਕਰ ਰਹੀਆਂ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੇ ਮੁੱਖ ਮੰਤਰੀ ਚੰਨੀ ਨੂੰ ਨਿਰਦੇਸ਼, ਪੰਜਾਬ ਮੰਤਰੀ ਮੰਡਲ ਤਿਆਰ ਕਰੇਗਾ ਕਾਂਗਰਸ ਦਾ  ਚੋਣ ਰੋਡਮੈਪ

ਰੰਧਾਵਾ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਸਰਕਾਰ ਹੀ ਅਮਨ ਅਤੇ ਸ਼ਾਂਤੀ ਨੂੰ ਕਾਇਮ ਰੱਖ ਸਕਦੀ ਹੈ। ਉਨ੍ਹਾਂ ਨੇ ਜਨਤਾ ਨੂੰ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ-ਵਿਵਸਥਾ ਦੇ ਮਾਮਲੇ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਹੈ। ਪੰਜਾਬ ਸਰਕਾਰ ਸੂਬੇ ’ਚ ਗੈਂਗਸਟਰਾਂ, ਅੱਤਵਾਦੀਆਂ ਅਤੇ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ’ਤੇ ਸਿਰ ਨਹੀਂ ਚੁੱਕਣ ਦੇਵੇਗੀ। ਪੰਜਾਬ ਪੁਲਸ ਸੂਬੇ ਦੀ ਸੁਰੱਖਿਆ ਕਰਨ ’ਚ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸੂਬੇ ’ਚ ਅਮਨ ਅਤੇ ਸ਼ਾਂਤੀ ਨੂੰ ਕਾਂਗਰਸ ਸਰਕਾਰ ਨੇ ਹੀ ਬਹਾਲ ਕੀਤਾ ਸੀ ਅਤੇ ਅੱਤਵਾਦ ਨੂੰ ਖਤਮ ਕਰਨ ਲਈ ਅਨੇਕਾਂ ਮਹਾਨ ਕੁਰਬਾਨੀਆਂ ਵੀ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਉਹ ਸਮੇਂ-ਸਮੇਂ ’ਤੇ ਜਨਤਾ ਦਰਬਾਰ ਲਗਾਉਂਦੇ ਰਹਿਣਗੇ ਅਤੇ ਲੋਕਾਂ ਦੇ ਮਾਮਲਿਆਂ ਦਾ ਮੌਕੇ ’ਤੇ ਹੀ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਇਹ ਆਮ ਜਨਤਾ ਦੀ ਸਰਕਾਰ ਹੈ ਅਤੇ ਜਨਤਾ ਦੇ ਮਾਮਲਿਆਂ ਦਾ ਹੱਲ ਕਰਨਾ ਉਸ ਦੇ ਏਜੰਡੇ ’ਚ ਸਭ ਤੋਂ ਉੱਪਰ ਹੈ, ਇਸ ਲਈ ਪਿਛਲੇ ਇਕ ਮਹੀਨੇ ਦੌਰਾਨ ਜਨਤਾ ਦੇ ਜ਼ਿਆਦਾਤਰ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਹੈ। ਵੱਖ-ਵੱਖ ਵਰਗਾਂ ਨੂੰ ਸਰਕਾਰ ਨੇ ਪਿਛਲੇ ਇਕ ਮਹੀਨੇ ਦੌਰਾਨ ਅਨੇਕਾਂ ਰਿਆਇਤਾਂ ਦਿੱਤੀਆਂ ਹਨ।

ਇਹ ਵੀ ਪੜ੍ਹੋ : ਸੋਨੀਆ ਗਾਂਧੀ ਨੇ ਟਾਈਟਲਰ ਨੂੰ ਕਾਂਗਰਸ ’ਚ ਜਗ੍ਹਾ ਦੇ ਕੇ ਫਿਰ ਧ੍ਰੋਹ ਕਮਾਇਆ  : ਪੀਰਮੁਹੰਮਦ    

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


Anuradha

Content Editor

Related News