PSEB ਦੀ ਚੇਅਰਪਰਸਨ ਦਾ ਅਸਤੀਫ਼ਾ ਮਨਜ਼ੂਰ

Tuesday, Aug 06, 2024 - 03:35 PM (IST)

PSEB ਦੀ ਚੇਅਰਪਰਸਨ ਦਾ ਅਸਤੀਫ਼ਾ ਮਨਜ਼ੂਰ

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਾਫੀ ਚਰਚਿਤ ਰਹੀ ਚੇਅਰਪਰਸਨ ਡਾਕਟਰ ਸਤਬੀਰ ਬੇਦੀ ਦਾ ਅਸਤੀਫਾ ਪੰਜਾਬ ਸਰਕਾਰ ਵੱਲੋਂ ਪ੍ਰਵਾਨ ਕਰ ਲਏ ਜਾਣ ਬਾਰੇ ਸੂਚਨਾ ਮਿਲੀ ਹੈ। ਇਸ ਸਬੰਧੀ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਡਾਕਟਰ ਸਤਬੀਰ ਬੇਦੀ ਨੇ ਸਿੱਖਿਆ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇੱਥੇ ਇਹ ਵੀ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹੈ ਕਿ ਡਾਕਟਰ ਸਤਬੀਰ ਬੇਦੀ ਦੀ ਨਿਯੁਕਤੀ ਨੂੰ ਲੈ ਕੇ ਬਹੁਤ ਪ੍ਰਸ਼ਨ ਉਠਾਏ ਜਾ ਰਹੇ ਸਨ। ਇਹ ਵੀ ਕਿਹਾ ਜਾ ਰਿਹਾ ਸੀ ਕਿ ਉਹ ਗੈਰ ਪੰਜਾਬੀ ਹਨ ਅਤੇ ਪੰਜਾਬੀ ਭਾਸ਼ਾ ਨਹੀਂ ਜਾਣਦੇ। ਜਿਸ ਕਰਕੇ ਬਹੁਤ ਸਾਰੇ ਸਿੱਖਿਆ ਸ਼ਾਸਤਰੀਆਂ ਨੇ ਵੀ ਇਸ ਨੂੰ ਇਕ ਮੁੱਦਾ ਬਣਾਉਂਦੇ ਹੋਏ ਸਰਕਾਰ ਤੋਂ ਮੰਗ ਕੀਤੀ ਸੀ ਕਿ ਡਾਕਟਰ ਬੇਦੀ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾਇਆ ਜਾਵੇ।

ਇਹ ਵੀ ਪੜ੍ਹੋ : ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਇਸ ਦਿਨ ਪੈ ਸਕਦੈ ਭਾਰੀ ਮੀਂਹ

ਇੱਥੇ ਇਹ ਗੱਲ ਖਾਸ ਤੌਰ 'ਤੇ ਜ਼ਿਕਰਯੋਗ ਹੈ ਕਿ ਹੁਣ ਤੱਕ ਸਿੱਖਿਆ ਬੋਰਡ ਦਾ ਚੇਅਰਮੈਨ ਕਿਸੇ ਸਿੱਖਿਆ ਸ਼ਾਸਤਰੀ ਨੂੰ ਹੀ ਬਣਾਇਆ ਜਾਂਦਾ ਰਿਹਾ ਹੈ। ਜਿਸ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮਿਆਰ ਕਾਫੀ ਉਚਾ ਰਿਹਾ ਹੈ ਪ੍ਰੰਤੂ ਪਿਛਲੇ ਕੁਝ ਸਾਲਾਂ ਤੋਂ ਇਹ ਤਜਵੀਜ਼ ਕਰ ਦਿੱਤੀ ਗਈ ਕਿ ਸਿੱਖਿਆ ਸ਼ਾਸਤਰੀ ਦੀ ਥਾਂ ਕਿਸੇ ਸੇਵਾ ਮੁਕਤ ਆਈ. ਏ. ਐੱਸ ਅਧਿਕਾਰੀ ਨੂੰ ਵੀ ਸਿੱਖਿਆ ਬੋਰਡ ਦਾ ਚੇਅਰਮੈਨ ਲਾਇਆ ਜਾ ਸਕਦਾ ਹੈ। ਇਸ ਦੇ ਚੱਲਦਿਆਂ ਹੀ ਪੰਜਾਬ ਤੋਂ ਕਿਸੇ ਬਾਹਰਲੇ ਸੂਬੇ ਦੀ ਆਈ. ਏ. ਐੱਸ ਸੇਵਾ ਮੁਕਤ ਅਧਿਕਾਰੀ ਡਾਕਟਰ ਸਤਬੀਰ ਬੇਦੀ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਪਰਸਨ ਲਗਾਇਆ ਗਿਆ ਸੀ। ਜਦੋਂ ਤੋਂ ਉਨ੍ਹਾਂ ਦੀ ਨਿਯੁਕਤੀ ਹੋਈ ਹੈ ਉਦੋਂ ਤੋਂ ਉਹ ਵਿਵਾਦਾਂ ਵਿਚ ਘਿਰੇ ਰਹੇ ਹਨ। ਹਾਲਾਂਕਿ ਸਿੱਖਿਆ ਬੋਰਡ ਦੇ ਕੰਮਕਾਜ ਵਿਚ ਉਨ੍ਹਾਂ ਕੁਝ ਸੁਧਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪ੍ਰੰਤੂ ਸਿੱਖਿਆ ਬੋਰਡ ਦੀ ਮਾੜੀ ਵਿੱਤੀ ਹਾਲਤ ਨੂੰ ਸੁਧਾਰਨ ਲਈ ਉਨ੍ਹਾਂ ਨੇ ਕੋਈ ਖਾਸ ਯਤਨ ਨਹੀਂ ਕੀਤਾ ਜਾਪਦਾ।

ਇਹ ਵੀ ਪੜ੍ਹੋ : ਚੋਣ ਕਮਿਸ਼ਨ ਨੇ ਅਯੋਗ ਐਲਾਨੇ ਪੰਜਾਬ ਦੇ ਇਹ 6 ਲੀਡਰ, ਨਹੀਂ ਲੜ ਸਕਣਗੇ ਚੋਣਾਂ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ, ਵਾਈਸ ਚੇਅਰਮੈਨ ਅਤੇ ਸਕੱਤਰ ਦੇ ਨਿਵਾਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਣਾਈ ਗਈ ਵਿਸ਼ੇਸ਼ ਕਲੋਨੀ ਵਿਚ ਬਹੁਤ ਸ਼ਾਨਦਾਰ ਮਕਾਨ ਤਿਆਰ ਕੀਤੇ ਗਏ ਹਨ। ਹੁਣ ਤੱਕ ਜਿੰਨੇ ਵੀ ਸਿੱਖਿਆ ਬੋਰਡ ਦੇ ਇਸ ਚੇਅਰਮੈਨ ਆਏ ਹਨ ਉਹ ਇਨ੍ਹਾਂ ਮਕਾਨਾਂ ਵਿਚ ਹੀ ਰਹਿੰਦੇ ਰਹੇ ਹਨ ਪ੍ਰੰਤੂ ਡਾਕਟਰ ਸਤਬੀਰ ਬੇਦੀ ਨੇ ਆਪਣਾ ਆਈ. ਏ. ਐੱਸ ਹੋਣ ਦਾ ਰੋਹਬ ਦਿਖਾਉਂਦਿਆਂ ਚੰਡੀਗੜ੍ਹ ਦੇ ਸੈਕਟਰ 39 ਵਿਚ ਮੰਤਰੀਆਂ ਵਾਲੀ ਰਿਹਾਇਸ਼ ਵਿਚ ਆਪਣੀ ਰਿਹਾਇਸ਼ ਕੀਤੀ ਸੀ। ਜਿਸ ਦਾ ਭਾਰੀ ਵਿੱਤੀ ਬੋਝ ਸਿੱਖਿਆ ਬੋਰਡ ਨੂੰ ਸਹਿਣ ਕਰਨਾ ਪਿਆ ਸੀ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਅਹਿਮ ਖ਼ਬਰ, ਜਾਰੀ ਹੋਈ ਐਡਵਾਈਜ਼ਰੀ

ਅੱਜ ਤੱਕ ਦਸਵੀਂ ਬਾਰਵੀਂ ਜਾਂ ਹੋਰ ਬੋਰਡ ਦੀਆਂ ਜਮਾਤਾਂ ਦੇ ਜਿੰਨੇ ਵੀ ਨਤੀਜੇ ਆਏ ਹਨ ਉਨ੍ਹਾਂ ਦਾ ਐਲਾਨ ਚੇਅਰਮੈਨ ਜਾਂ ਸਿੱਖਿਆ ਮੰਤਰੀ ਕਰਦੇ ਰਹੇ ਹਨ ਪਰੰਤੂ ਡਾਕਟਰ ਸਤਬੀਰ ਬੇਦੀ ਨੇ ਕਦੇ ਵੀ ਕਿਸੇ ਨਤੀਜੇ ਦਾ ਐਲਾਨ ਨਹੀਂ ਕੀਤਾ ਬਲਕਿ ਉਹ ਆਪਣੀਆਂ ਸਾਰੇ ਅਧਿਕਾਰ ਸਕੱਤਰ ਜਾਂ ਵਾਈਸ ਚੇਅਰਮੈਨ ਨੂੰ ਸੌਂਪ ਦਿੰਦੇ ਸਨ ਜਿਸ ਕਰਕੇ ਉਹ ਆਪਣੀਆਂ ਮਨਮਾਨੀਆਂ ਵੀ ਕਰਦੇ ਰਹੇ ਹਨ। ਅਜਿਹਾ ਹੀ ਪਿਛਲੇ ਦਿਨੀਂ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਸਿੱਖਿਆ ਬੋਰਡ ਦੇ ਸਕੱਤਰ ਦੇ ਵਿਰੁੱਧ ਸਿੱਖਿਆ ਬੋਰਡ ਦੀ ਕਰਮਚਾਰੀ ਐਸੋਸੀਏਸ਼ਨ ਨੇ ਬਕਾਇਦਾ ਪ੍ਰੈੱਸ ਕਾਨਫਰੰਸ ਕਰਕੇ ਉਨ੍ਹਾਂ 'ਤੇ ਗੰਭੀਰ ਦੋਸ਼ ਲਗਾਏ ਸਨ। ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਹੋਰਨਾਂ ਅਹੁਦੇਦਾਰਾਂ ਨੇ ਇਹ ਮੰਗ ਕੀਤੀ ਹੈ ਕਿ ਹੁਣ ਕਿਸੇ ਪੰਜਾਬੀ ਅਤੇ ਸੁਹਿਰਦ ਅਧਿਕਾਰੀ ਜਾਂ ਸਿੱਖਿਆ ਸ਼ਾਸਤਰੀ ਨੂੰ ਹੀ ਸਿੱਖਿਆ ਬੋਰਡ ਦਾ ਚੇਅਰਮੈਨ ਲਗਾਇਆ ਜਾਵੇ ਤਾਂ ਜੋ ਪੰਜਾਬ ਦੇ ਲੱਖਾਂ ਹੀ ਬੱਚਿਆਂ ਦੀ ਉਮੀਦ ਬਣੇ ਸਿੱਖਿਆ ਬੋਰਡ ਦੀ ਹਾਲਤ ਵਿੱਚ ਸੁਧਾਰ ਕੀਤਾ ਜਾ ਸਕੇ। ਫਿਲਹਾਲ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਆਰਜੀ ਤੌਰ 'ਤੇ ਸਿੱਖਿਆ ਬੋਰਡ ਦੇ ਚੇਅਰਮੈਨ ਦਾ ਕਾਰਜਭਾਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਬੇਰਹਿਮੀ ਦੀ ਹੱਦ, ਘਰ 'ਚ ਦਾਖਲ ਹੋ ਕੇ ਬੁਰੀ ਤਰ੍ਹਾਂ ਵੱਢੀ ਔਰਤ, ਪਾਣੀ ਵਾਂਗ ਵਹਿ ਗਿਆ ਖੂਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News