ਇਲਾਕਾ ਨਿਵਾਸੀਆਂ ਵੱਲੋਂ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ
Sunday, Dec 03, 2017 - 03:21 AM (IST)
ਗੁਰੂ ਕਾ ਬਾਗ, (ਭੱਟੀ)- ਫਤਿਹਗੜ੍ਹ ਚੂੜੀਆਂ ਤੋਂ ਅੰਮ੍ਰਿਤਸਰ ਮੇਨ ਰੋਡ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਅੱਜ ਪਿੰਡ ਸੰਗਤਪੁਰਾ ਦੀ ਮੇਨ ਸੜਕ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਕਲ ਮਜੀਠਾ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਕੋਟਲਾ ਦੀ ਅਗਵਾਈ 'ਚ ਇਕੱਤਰ ਹੋ ਕੇ ਕਈ ਚਿਰਾਂ ਤੋਂ ਟੁੱਟੀ ਹੋਈ ਸੜਕ ਨਾ ਬਣਾਉਣ 'ਤੇ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਭਾਈ ਕੋਟਲਾ ਨੇ ਦੱਸਿਆ ਕਿ ਇਸ ਸੜਕ 'ਤੇ ਕਈ ਥਾਵਾਂ 'ਤੇ ਵੱਡੇ-ਵੱਡੇ ਟੋਏ ਪਏ ਹੋਣ ਕਾਰਨ ਲੋਕਾਂ ਨੂੰ ਆਉਣ-ਜਾਣ 'ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ 'ਤੇ ਪਹਿਲਾਂ ਕਈ ਹਾਦਸੇ ਹੋ ਚੁੱਕੇ ਹਨ, ਜਿਸ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ, ਜਿਸ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਇਹ ਸੜਕ ਠੇਕੇਦਾਰਾਂ ਵੱਲੋਂ ਜਿਥੋਂ ਟੁੱਟੀ ਹੈ ਉਥੇ ਪੱਥਰ ਪਾਉਣ ਦੀ ਬਜਾਏ ਚੰਗੀ ਸੜਕ ਨੂੰ ਪੁੱਟ ਕੇ ਉਥੇ ਟੋਏ ਪਾ ਦਿੱਤੇ ਗਏ ਹਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਸੜਕ ਵੱਲ ਧਿਆਨ ਨਾ ਦਿੱਤਾ ਤਾਂ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਭਾਰਤ-ਪਾਕਿਸਤਾਨ ਵਿਚਾਲੇ ਚੱਲਦੀ ਬੱਸ ਰੋਕ ਕੇ ਰੋਸ ਮੁਜ਼ਾਹਰਾ ਕਰਨਗੇ। ਇਸ ਮੌਕੇ ਲੋਕਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਨਿਰਮਲ ਸਿੰਘ ਕੋਟਲਾ ਗੁੱਜਰਾਂ, ਦਵਿੰਦਰ ਸਿੰਘ ਫਤਾਹਪੁਰ, ਸਤਨਾਮ ਸਿੰਘ ਕੋਟਲਾ, ਸੁਖਪ੍ਰੀਤ ਸਿੰਘ ਹਨੀ ਸੰਗਤਪੁਰਾ, ਬਲਜਿੰਦਰ ਸਿੰਘ ਸੰਗਤਪੁਰਾ, ਗੁਰਪ੍ਰੀਤ ਸਿੰਘ ਲਾਲੀ, ਇੰਦਰਜੀਤ ਸਿੰਘ ਹੈਪੀ, ਡਾ. ਜਸਪਿੰਦਰ ਸਿੰਘ, ਧੰਨਬੀਰ ਸਿੰਘ ਚੇਤਨਪੁਰਾ, ਗੁਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਦਲਜੀਤ ਸਿੰਘ, ਨੰਬਰਦਾਰ ਰਜਿੰਦਰ ਸਿੰਘ ਮੱਜੂਪੁਰਾ, ਜੁਝਾਰ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ।
