‘ਪੰਜਾਬ ਕੇਸਰੀ’ ਵਿਰੁੱਧ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਸੱਚ ਨੂੰ ਦਬਾਅ ਨਹੀਂ ਸਕਦੀਆਂ : ਅਗਨੀਹੋਤਰੀ

Friday, Jan 16, 2026 - 01:04 AM (IST)

‘ਪੰਜਾਬ ਕੇਸਰੀ’ ਵਿਰੁੱਧ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਸੱਚ ਨੂੰ ਦਬਾਅ ਨਹੀਂ ਸਕਦੀਆਂ : ਅਗਨੀਹੋਤਰੀ

ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਦੇ ਉਪ-ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਕੇਸਰੀ ਸਮੂਹ ਵਿਰੁੱਧ ਅਪਣਾਏ ਜਾ ਰਹੇ ਦਮਨਕਾਰੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਪੱਖ ਰੱਖਦਿਆਂ ਕਿਹਾ ਕਿ ਮੀਡੀਆ 'ਤੇ ਲਗਾਤਾਰ ਦਬਾਅ ਬਣਾ ਕੇ ਉਸ ਨੂੰ ਪ੍ਰਤਾੜਤ ਕਰਨ ਦਾ ਇਹ ਸਿਲਸਿਲੇਵਾਰ ਯਤਨ ਲੋਕਤੰਤਰ ਲਈ ਇਕ ਗੰਭੀਰ ਖ਼ਤਰਾ ਹੈ। ਅਗਨੀਹੋਤਰੀ ਨੇ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਦਾ ਡਰ ਸੱਤਾ ਦੀ ਬੇਚੈਨੀ ਨੂੰ ਉਜਾਗਰ ਕਰਦਾ ਹੈ, ਜੋ ਪੰਜਾਬ ਸਰਕਾਰ ਦੀਆਂ ਇਨ੍ਹਾਂ ਦਮਨਕਾਰੀ ਕਾਰਵਾਈਆਂ ਵਿਚ ਸਾਫ਼ ਨਜ਼ਰ ਆ ਰਿਹਾ ਹੈ। ਉਨ੍ਹਾਂ ਮੁਤਾਬਕ ਸਰਕਾਰ ਦੀ ਇਹ ਬੌਖਲਾਹਟ ਸਿੱਧ ਕਰਦੀ ਹੈ ਕਿ ਉਹ ਨਿਰਪੱਖ ਆਵਾਜ਼ਾਂ ਤੋਂ ਡਰੀ ਹੋਈ ਹੈ।

ਮੁਕੇਸ਼ ਅਗਨੀਹੋਤਰੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਰਾਜ ਦੀ ਸ਼ਕਤੀ ਅਤੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਸੱਚ ਨੂੰ ਕੁਝ ਸਮੇਂ ਲਈ ਪਰੇਸ਼ਾਨ ਤਾਂ ਕੀਤਾ ਜਾ ਸਕਦਾ ਹੈ ਪਰ ਸੱਚ ਨੂੰ ਕਦੇ ਵੀ ਹਰਾਇਆ ਨਹੀਂ ਜਾ ਸਕਦਾ। ਉਨ੍ਹਾਂ ਦੇ ਇਸ ਬਿਆਨ ਨੇ ਪੰਜਾਬ ਵਿਚ ਮੀਡੀਆ ਦੀ ਆਜ਼ਾਦੀ ਨੂੰ ਲੈ ਕੇ ਚੱਲ ਰਹੀ ਸਿਆਸੀ ਜੰਗ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਕਈ ਸਿਆਸੀ ਆਗੂਆਂ ਨੇ ਪੰਜਾਬ ਸਰਕਾਰ ਦੇ ਇਸ ਰਵੱਈਏ 'ਤੇ ਸਵਾਲ ਚੁੱਕੇ ਹਨ ਅਤੇ ਸਰਕਾਰ ਦੀ ਕਾਰਵਾਈ ਦੀ ਰੱਜ ਕੇ ਨਿੰਦਾ ਕੀਤੀ ਹੈ।


author

Gurminder Singh

Content Editor

Related News