ਪੰਜਾਬ ਸਰਕਾਰ ਨੇ ਛੇੜਿਆ ''ਯੁੱਧ ਮੀਡੀਆ ਵਿਰੁੱਧ'', ''ਪੰਜਾਬ ਕੇਸਰੀ'' ਨਾਲ ਡਟ ਕੇ ਖੜ੍ਹੇਗਾ ਅਕਾਲੀ ਦਲ
Tuesday, Jan 20, 2026 - 04:06 PM (IST)
ਚੰਡੀਗੜ੍ਹ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਨੇ 'ਪੰਜਾਬ ਕੇਸਰੀ' ਉੱਪਰ ਹੋ ਰਹੇ ਹਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਅਕਾਲੀ ਆਗੂ ਐੱਨ. ਕੇ. ਸ਼ਰਮਾ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਕੇਸਰੀ ਦੇ ਨਾਲ ਡਟ ਕੇ ਖੜ੍ਹਾ ਹੈ ਤੇ ਇਸ ਲਈ ਹਰ ਸੰਘਰਸ਼ ਲੜਣ ਲਈ ਤਿਆਰ ਹੈ।
ਐੱਨ. ਕੇ. ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਐਮਰਜੈਂਸੀ ਵਰਗੇ ਹਾਲਾਤ ਬਣ ਚੁੱਕੇ ਹਨ। ਸੂਬਾ ਸਰਕਾਰ ਵੱਲੋਂ ਇੰਦਰਾ ਗਾਂਧੀ ਤੋਂ ਵੀ ਭੈੜੀ ਐਮਰਜੈਂਸੀ ਲਗਾ ਕੇ ਲੋਕਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 'ਪੰਜਾਬ ਕੇਸਰੀ' ਆਜ਼ਾਦ ਮੀਡੀਆ ਅਦਾਰਾ ਹੈ, ਪਰ ਪੰਜਾਬ ਸਰਕਾਰ ਵੱਲੋਂ ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਕਾਲੀ ਆਗੂ ਨੇ ਕਿਹਾ ਕਿ ਪਹਿਲਾਂ ਵੀ ਸਰਕਾਰ ਦੀਆਂ ਨਾਲਾਇਕੀਆਂ ਲੋਕਾਂ ਤਕ ਪਹੁੰਚਾਉਣ ਵਾਲੇ 8-9 ਪੱਤਰਕਾਰਾਂ 'ਤੇ ਪਰਚੇ ਦਰਜ ਕੀਤੇ ਗਏ ਤੇ ਉਨ੍ਹਾਂ ਦੇ ਫੇਸਬੁੱਕ ਅਕਾਊਂਟ ਬੰਦ ਕੀਤੇ ਗਏ ਤਾਂ ਜੋ ਅਸਲੀਅਤ ਲੋਕਾਂ ਤਕ ਨਾ ਪਹੁੰਚੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 'ਯੁੱਧ ਮੀਡੀਆ ਵਿਰੁੱਧ' ਮੁਹਿੰਮ ਛੇੜ ਰੱਖੀ ਹੈ, ਜਿਸ ਤਹਿਤ ਮੀਡੀਆ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੰਦਰਾ ਗਾਂਧੀ ਦੀ ਐਮਰਜੈਂਸੀ ਖ਼ਿਲਾਫ਼ ਵੀ ਡਟ ਕੇ ਲੜਾਈ ਲੜੀ ਸੀ ਤੇ ਅਕਾਲੀ ਦਲ ਪ੍ਰੈੱਸ ਨਾਲ ਰਲ਼ ਕੇ ਹਰ ਸੰਘਰਸ਼ ਲੜਣ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਅਸੀਂ 'ਪੰਜਾਬ ਕੇਸਰੀ' ਦੇ ਨਾਲ ਡਟ ਕੇ ਖੜ੍ਹੇ ਹਾਂ। ਜਿੱਥੇ ਵੀ ਲੋੜ ਪਈ, ਡਟ ਕੇ ਪਹਿਰਾ ਦੇਵਾਂਗੇ। ਉਨ੍ਹਾਂ ਪੰਜਾਬ ਸਰਕਾਰ ਦੀਆਂ ਵਧੀਕੀਆਂ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ।
