ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਬੈਠਕ ''ਚ ਹੋਈ ਹੱਥੋਪਾਈ, ਮਾਈਕ ਤੋੜ ਦਿੱਤਾ

02/11/2018 7:29:48 AM

ਚੰਡੀਗੜ੍ਹ  (ਰਾਏ)  - ਸੈਕਟਰ-38   ਵੈਸਟ ਦੇ ਕਮਿਊਨਿਟੀ ਸੈਂਟਰ ਦੀ ਮੈਂਬਰੀ ਦੇ ਮਾਮਲੇ ਵਿਚ ਸ਼ਨੀਵਾਰ ਨੂੰ ਸੈਕਟਰ ਦੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਗੁਪਤਾ ਦੀ ਅਗਵਾਈ ਵਿਚ ਕੁਝ ਸੈਕਟਰ ਵਾਸੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਐੱਚ. ਆਈ. ਜੀ. ਸੈਕਟਰ-38 ਵੈਸਟ ਵਲੋਂ ਬੁਲਾਈ ਗਈ ਬੈਠਕ ਵਿਚ ਪਹੁੰਚੇ, ਜਿਸ ਵਿਚ ਖੇਤਰ ਦੇ ਕੌਂਸਲਰ ਅਰੁਣ ਸੂਦ ਨੇ ਇਸ ਮਾਮਲੇ ਵਿਚ ਆਪਣੀ ਗੱਲ ਰੱਖਣੀ ਸੀ। ਬੈਠਕ ਵਿਚ ਗੁਪਤਾ ਨੇ ਜਦ ਸੂਦ ਨੂੰ ਕਿਹਾ ਕਿ ਤੁਸੀਂ ਕਲੈਰੀਫਿਕੇਸ਼ਨ ਲਈ ਬੁਲਾਇਆ ਹੈ ਤਾਂ ਦੱਸੋ ਤਾਂ ਇਸ 'ਤੇ 3-4 ਲੋਕਾਂ ਨੇ ਉਨ੍ਹਾਂ ਨੂੰ ਫੜ ਕੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਬੈਠਕ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ। ਗੁਪਤਾ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੀ ਬਾਂਹ ਵਿਚ ਮੋਚ ਵੀ ਆਈ। ਉਨ੍ਹਾਂ ਨੇ ਕਿਹਾ ਕਿ ਬਹਿਸ ਤੋਂ ਬਾਅਦ ਜਦ ਮਾਮਲਾ ਹੱਥੋਪਾਈ ਤਕ ਪਹੁੰਚਿਆ ਤਾਂ ਪੁਲਸ ਨੂੰ ਫੋਨ ਕੀਤਾ ਗਿਆ। ਗੁਪਤਾ ਜਿਸ ਮਾਈਕ 'ਤੇ ਬੋਲ ਰਹੇ ਸੀ, ਉਨ੍ਹਾਂ ਤੋਂ ਉਹ ਮਾਈਕ ਵੀ ਲੈ ਕੇ ਤੋੜ ਦਿੱਤਾ ਗਿਆ। ਮੌਕੇ 'ਤੇ ਪੁਲਸ ਨੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਅਤੇ ਸੂਦ ਨੂੰ ਕਿਹਾ ਕਿ ਸੈਕਟਰ ਵਾਸੀ ਤੁਹਾਡੀ ਵਜ੍ਹਾ ਨਾਲ ਇਥੇ ਆਪਸ ਵਿਚ ਲੜ ਰਹੇ ਹਨ ਅਤੇ ਮਾਹੌਲ ਖਰਾਬ ਹੋ ਰਿਹਾ ਹੈ, ਇਸ ਲਈ ਚੰਗਾ ਹੋਵੇਗਾ ਕਿ ਤੁਸੀਂ ਇਥੋਂ ਚਲੇ ਜਾਓ। ਬਹਿਸ ਵਧਣ ਤੋਂ ਬਾਅਦ ਪਹਿਲਾਂ ਮਲੋਆ ਤੋਂ ਐਡੀਸ਼ਨਲ ਐੱਸ. ਐੱਚ. ਓ. ਨੀਰਜ ਪਹੁੰਚੇ, ਉਸ ਤੋਂ ਬਾਅਦ ਐੱਸ. ਐੱਚ. ਓ. ਪ੍ਰਦੀਪ ਕੁਮਾਰ ਵੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਹੀ ਸੂਦ ਨੂੰ ਉਥੋਂ ਜਾਣ ਨੂੰ ਕਿਹਾ। ਸੂਦ ਦੇ ਜਾਣ ਤੋਂ ਬਾਅਦ ਹੀ ਮਾਮਲਾ ਸ਼ਾਂਤ ਹੋਇਆ। ਇਸ ਤੋਂ ਪਹਿਲਾਂ ਇਹ ਲੋਕ ਚੀਫ ਇੰਜੀਨੀਅਰ ਨੂੰ ਮਿਲ ਚੁੱਕੇ ਹਨ।
ਜਲਦੀ ਮੈਂਬਰੀ ਪ੍ਰਦਾਨ ਕਰ ਦਿੱਤੀ ਜਾਵੇਗੀ
ਨਿਗਮ ਦੇ ਚੀਫ ਇੰਜੀਨੀਅਰ ਨਾਲ ਗੱਲ ਕਰਨ ਤੋਂ ਬਾਅਦ ਨਿਗਮ ਦੇ ਐੱਸ. ਡੀ. ਓ. (ਸੜਕ) ਰਾਮ ਸਿੰਘ ਅਤੇ ਸੈਕਟਰ-38 ਵੈਸਟ ਦੇ ਕਮਿਊਨਿਟੀ ਸੈਂਟਰ ਦੇ ਸੁਪਰਵਾਈਜ਼ਰ ਨਰੇਸ਼ ਨਾਲ ਵੀ ਗੱਲ ਕੀਤੀ, ਜਿਨ੍ਹਾਂ ਨੇ ਕਨਫਰਮ ਕੀਤਾ ਕਿ ਸਾਡੇ ਸਾਰੇ ਫਾਰਮਾਂ ਅੱਗੇ  ਕੀਤੀ ਕਾਰਵਾਈ ਲਈ ਉਨ੍ਹਾਂ ਕੋਲ ਪਹੁੰਚ ਚੁੱਕੇ ਹਨ ਅਤੇ ਦੋ-ਚਾਰ ਦਿਨਾਂ 'ਚ ਜਿਵੇਂ ਹੀ ਉਪਰੋਂ ਆਦੇਸ਼ ਜਾਰੀ ਹੁੰਦੇ ਹਨ, ਇਨ੍ਹਾਂ ਸਾਰੇ ਲੋਕਾਂ ਨੂੰ ਕਮਿਊਨਿਟੀ ਸੈਂਟਰ ਦੀ ਮੈਂਬਰੀ ਪ੍ਰਦਾਨ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੇ ਲਈ 5 ਫਰਵਰੀ ਤਕ ਸਾਡੇ ਕੋਲ 119 ਫਾਰਮ ਆਏ ਸੀ, ਜਿਨ੍ਹਾਂ ਨੂੰ ਅਸੀਂ ਕਮਿਸ਼ਨਰ, ਨਿਗਮ ਦੇ ਆਫਿਸ ਵਿਚ ਜਮ੍ਹਾ ਕਰਵਾ ਦਿੱਤਾ ਸੀ। ਕਮਿਊਨਿਟੀ ਸੈਂਟਰ ਦੀ ਮੈਂਬਰੀ ਨੂੰ ਲੈ ਕੇ ਦਿਨੋ-ਦਿਨ ਸੈਕਟਰ ਵਾਸੀਆਂ ਵਿਚ ਰੋਸ ਵਧਦਾ ਜਾ ਰਿਹਾ ਹੈ।
ਅਰੁਣ ਸੂਦ 'ਤੇ ਪੱਖਪਾਤ ਕਰਨ ਦੇ ਲੱਗੇ ਹਨ ਦੋਸ਼
ਇਸ ਤੋਂ ਪਹਿਲਾਂ ਸਥਾਨਕ ਨਿਵਾਸੀ ਏਰੀਆ ਕੌਂਸਲਰ ਅਰੁਣ ਸੂਦ 'ਤੇ ਪੱਖਪਾਤ ਕਰਨ ਅਤੇ ਸੈਂਟਰ ਦੀ ਮੈਂਬਰੀ ਤੋਂ ਲਾਂਭੇ ਕਰਨ ਦਾ ਦੋਸ਼ ਲਾ ਚੁੱਕੇ ਹਨ। ਇਸੇ ਮਾਮਲੇ ਨੂੰ ਲੈ ਕੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ-38 ਵੈਸਟ ਦੇ ਪ੍ਰਧਾਨ ਪੰਕਜ ਗੁਪਤਾ ਸਥਾਨਕ ਨਿਵਾਸੀਆਂ ਨਾਲ ਐਡਵਾਈਜ਼ਰ ਅਤੇ ਨਿਗਮ ਕਮਿਸ਼ਨਰ ਨੂੰ ਵੀ ਮਿਲ ਚੁੱਕੇ ਹਨ। ਉਨ੍ਹਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਏਰੀਆ ਕੌਂਸਲਰ ਸੂਦ ਬਿਲਕੁਲ ਇਸ ਤੋਂ ਉਲਟ ਕੰਮ ਕਰ ਰਹੇ ਹਨ। ਕੌਂਸਲਰ ਨੇ ਬਹੁਤ ਹੀ ਗੁਪਤ ਢੰਗ ਨਾਲ ਆਪਣੇ ਪਸੰਦ ਦੇ 65 ਲੋਕਾਂ ਨੂੰ ਕਮਿਊਨਿਟੀ ਸੈਂਟਰ ਦਾ ਮੈਂਬਰ ਬਣਾ ਦਿੱਤਾ ਹੈ। ਸੈਕਟਰ ਦੇ ਅਨੇਕਾਂ ਲੋਕਾਂ ਨੇ ਕਮਿਊਨਿਟੀ ਸੈਂਟਰ ਦੀ ਮੈਂਬਰੀ ਲਈ ਮੈਂਬਰਸ਼ਿਪ ਫਾਰਮ ਭਰੇ ਸੀ ਪਰ ਉਨ੍ਹਾਂ ਨੂੰ ਮੈਂਬਰੀ ਨਹੀਂ ਦਿੱਤੀ ਗਈ।


Related News