ਗਣਤੰਤਰ ਦਿਵਸ ਦੀ ਪਰੇਡ 'ਚ ਗੂੰਜਿਆ ਬਾਬੇ ਨਾਨਕ ਦਾ ਸੰਦੇਸ਼ (ਵੀਡੀਓ)
Sunday, Jan 26, 2020 - 02:13 PM (IST)
ਨਵੀਂ ਦਿੱਲੀ— ਪੂਰੇ ਦੇਸ਼ 'ਚ ਅੱਜ ਯਾਨੀ ਐਤਵਾਰ ਨੂੰ 71ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਪੰਜਾਬ ਦੀ ਝਾਕੀ ਨੇ ਖੂਬ ਰੰਗ ਬੰਨ੍ਹਿਆ। ਪੰਜਾਬ ਦੀ ਝਾਕੀ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੀ। ਇਕ ਝਾਕੀ ਰਾਹੀਂ ਗੁਰੂ ਜੀ ਦੇ ਇਨਸਾਨੀਅਤ ਦੇ ਸਿਧਾਂਤ ਤੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਨੂੰ ਦਰਸਾਇਆ ਗਿਆ ਸੀ।
ਹਰਸਿਮਰਤ ਕੌਰ ਨੇ ਆਪਣੇ ਭਤੀਜਿਆਂ ਨਾਲ ਵੇਖੀ ਝਾਕੀ
ਪੰਜਾਬ ਦੇ ਲੋਕ ਸੰਪਰਕ ਵਿਭਾਗ ਨੇ ਇਹ ਝਾਕੀ ਤਿਆਰ ਕੀਤੀ ਸੀ। ਲਗਾਤਾਰ ਚੌਥੇ ਸਾਲ ਪੰਜਾਬ ਦੀ ਝਾਕੀ ਇਸ ਵਾਰ ਗਣਤੰਤਰ ਦਿਵਸ ਦੀ ਪਰੇਡ 'ਚ ਸ਼ਾਮਲ ਹੋਈ ਹੈ ਅਤੇ ਅੱਜ ਦੀ ਇਸ ਝਾਕੀ ਨੇ ਸਾਰਿਆਂ ਦਾ ਮਨ ਮੋਹ ਲਿਆ। ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਭਤੀਜਿਆਂ ਨਾਲ ਪੰਜਾਬ ਦੀ ਝਾਕੀ ਵੇਖੀ। ਪਿਛਲੇ ਸਾਲ ਪੰਜਾਬ ਦੀ ਝਾਕੀ ਜਲ੍ਹਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਸੀ ਅਤੇ ਉਹ ਸਾਰੀਆਂ ਝਾਕੀਆਂ 'ਚੋਂ ਤੀਜੇ ਨੰਬਰ 'ਤੇ ਆਈ ਸੀ।
ਰਾਜਪਥ 'ਤੇ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਦੇ ਜਵਾਨ
ਉੱਥੇ ਹੀ ਅੱਜ ਰਾਜਪਥ 'ਤੇ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਦੇ ਜਵਾਨ ਵੀ 71ਵੇਂ ਗਣਤੰਤਰ ਦਿਵਸ ਪਰੇਡ 'ਚ ਦਿਖਾਈ ਦਿੱਤੇ। ਇਸ ਰੈਜੀਮੈਂਟ ਦਾ ਆਦਰਸ਼-ਵਾਕ 'ਦੇਗ ਤੇਗ ਫ਼ਤਿਹ' ਹੈ ਅਤੇ ਮੈਦਾਨ-ਏ-ਜੰਗ 'ਚ ਜਾਣ ਲਈ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦਾ ਜੈਕਾਰਾ ਲਗਾਇਆ ਜਾਂਦਾ ਹੈ।