ਰਾਮਗੜ੍ਹ ਸੈਕਟਰ ਦੇ ਸਰਹੱਦੀ ਪਰਿਵਾਰਾਂ ਨੂੰ ਵੰਡੀ ਗਈ 589ਵੇਂ ਟਰੱਕ ਦੀ ਰਾਹਤ ਸਮੱਗਰੀ

Monday, Apr 12, 2021 - 11:39 AM (IST)

ਰਾਮਗੜ੍ਹ ਸੈਕਟਰ ਦੇ ਸਰਹੱਦੀ ਪਰਿਵਾਰਾਂ ਨੂੰ ਵੰਡੀ ਗਈ 589ਵੇਂ ਟਰੱਕ ਦੀ ਰਾਹਤ ਸਮੱਗਰੀ

ਜੰਮੂ-ਕਸ਼ਮੀਰ/ਜਲੰਧਰ (ਜੁਗਿੰਦਰ ਸੰਧੂ)- ਜੰਮੂ ਦੇ ਸਾਂਬਾ ਜ਼ਿਲ੍ਹੇ ਦਾ ਰਾਮਗੜ੍ਹ ਸੈਕਟਰ ਅਜਿਹਾ ਖੇਤਰ ਹੈ, ਜਿਸ ਦੇ ਦਰਜਨਾਂ ਪਿੰਡ ਜ਼ੀਰੋ ਲਾਈਨ ਦੇ ਕੰਢੇ ਸਥਿਤ ਹਨ। ਪਾਕਿਸਤਾਨ ਵੱਲੋਂ ਪਿਛਲੇ ਕਈ ਸਾਲਾਂ ਦੌਰਾਨ ਇਨ੍ਹਾਂ ਪਿੰਡਾਂ ’ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ’ਤੇ ਗੋਲੀਬਾਰੀ ਕੀਤੀ ਜਾਂਦੀ ਰਹੀ ਹੈ। ਪਹਿਲਾਂ ਦੇ ਮੁਕਾਬਲੇ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨੀ ਬੰਦੂਕਾਂ ਸ਼ਾਂਤ ਹਨ ਪਰ ਲੋਕਾਂ ਨੂੰ ਲੱਗੇ ਜ਼ਖਮ ਅਜੇ ਰਿਸ ਰਹੇ ਹਨ ਅਤੇ ਕਿਹਾ ਨਹੀਂ ਜਾ ਸਕਦਾ ਕਿ ਕਿੰਨੇ ਸਮੇਂ ਬਾਅਦ ਉਨ੍ਹਾਂ ਦੀ ਪੀੜ ਪੂਰੀ ਤਰ੍ਹਾਂ ਖਤਮ ਹੋਵੇਗੀ। ਇਸ ਇਲਾਕੇ ਨੂੰ ਵੇਖ ਕੇ ਅਤੇ ਪਿੰਡਾਂ-ਖੇਤਾਂ ਦਾ ਚੱਕਰ ਲਗਾ ਕੇ ਇਥੋਂ ਦੀਆਂ ਉਨ੍ਹਾਂ ਸਥਿਤੀਆਂ ਦਾ ਅਹਿਸਾਸ ਹੋ ਜਾਂਦਾ ਹੈ, ਜਿਨ੍ਹਾਂ ਦਾ ਸੰਤਾਪ ਆਮ ਲੋਕਾਂ ਨੂੰ ਸਹਿਣ ਕਰਨਾ ਪਿਆ ਹੈ।

ਫਸਲਾਂ ਪਾਲਣ ਲਈ ਪਾਣੀ ਦੇ ਕੋਈ ਪ੍ਰਬੰਧ ਨਹੀਂ ਹਨ ਅਤੇ ਬਹੁਤ ਸਾਰੀਆਂ ਜ਼ਮੀਨਾਂ ਤਾਂ ਪਿਛਲੇ ਸਾਲਾਂ ’ਚ ਦਰਿਆਵਾਂ ਦੇ ਹੜ੍ਹ ਨੇ ਬੰਜਰ ਬਣਾ ਦਿੱਤੀਆਂ ਹਨ। ਉਥੇ ਹੁਣ ਕੋਈ ਫਸਲ ਨਹੀਂ ਉਗਾਈ ਜਾ ਰਹੀ ਅਤੇ ਜਿਥੇ ਕਾਸ਼ਤ ਹੋ ਰਹੀ ਹੈ ਉਹ ਹਮੇਸ਼ਾ ਰੱਬ ਦੇ ਆਸਰੇ ਹੁੰਦੀ ਹੈ। ਜੇ ਮੀਂਹ ਸਮੇਂ ਸਿਰ ਅਤੇ ਲੋੜ ਅਨੁਸਾਰ ਪੈ ਗਿਆ ਤਾਂ ਚਾਰ ਦਾਣੇ ਚੰਗੇ ਹੋ ਜਾਣਗੇ, ਨਹੀਂ ਤਾਂ ਸੋਕਾ ਮਾਰ ਜਾਂਦਾ ਹੈ ਅਤੇ ਜੇ ਬਰਸਾਤ ਜ਼ਿਆਦਾ ਹੋ ਜਾਵੇ ਤਾਂ ਪਾਣੀ ਨਾਲ ਫਸਲਾਂ ਮਰ ਜਾਂਦੀਆਂ ਹਨ। ਸਰਕਾਰ ਇਸ ਸੰਕਟ ਪ੍ਰਤੀ ਅੱਖਾਂ ਬੰਦ ਹੀ ਰੱਖਦੀ ਹੈ। ਸਕੂਲਾਂ, ਹਸਪਤਾਲਾਂ, ਸੜਕਾਂ, ਬਿਜਲੀ ਦੀ ਹਾਲਤ ਅਤਿਅੰਤ ਮਾੜੀ ਹੈ। ਲੋਕ ਆਪਣੀ ਹਿੰਮਤ ਤੇ ਮਿਹਨਤ ਸਦਕਾ ਦਿਨ ਗੁਜ਼ਾਰ ਰਹੇ ਹਨ ਅਤੇ ਨਾਲ ਹੀ ਪਾਕਿਸਤਾਨ ਦੀਆਂ ਜ਼ਿਆਦਤੀਆਂ ਸਹਿਣ ਕਰ ਰਹੇ ਹਨ। ਇਸ ਸਰਹੱਦੀ ਇਲਾਕੇ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਮਦਦ ਪਹੁੰਚਾਉਣ ਲਈ ਹੀ ਪਿਛਲੇ ਦਿਨੀਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਟੀਮ 589ਵੇਂ ਟਰੱਕ ਦੀ ਸਮੱਗਰੀ ਲੈ ਕੇ ਪੁੱਜੀ ਸੀ।

ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ

ਪਿੰਡ ਕੇਸੋ ਖੈਰੀ ਵਿਚ ਹੋਏ ਰਾਹਤ ਵੰਡ ਆਯੋਜਨ ਦੌਰਾਨ 250 ਸਰਹੱਦੀ ਪਰਿਵਾਰਾਂ ਨੂੰ ਘਰੇਲੂ ਵਰਤੋਂ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ। ਰਾਹਤ ਸਮੱਗਰੀ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦੇ ਹੋਏ ਜੰਮੂ-ਕਸ਼ਮੀਰ ਦੇ ਸਾਬਕਾ ਸਿਹਤ ਮੰਤਰੀ ਡਾ. ਦਵਿੰਦਰ ਕੁਮਾਰ ਮਨਿਆਲ ਨੇ ਕਿਹਾ ਕਿ ਸਰਹੱਦੀ ਲੋਕ ਕਈ ਸਾਲਾਂ ਤੋਂ ਕੁਦਰਤੀ ਅਤੇ ਗੈਰ-ਕੁਦਰਤੀ ਆਫਤਾਂ ਦੇ ਸ਼ਿਕਾਰ ਹੁੰਦੇ ਆ ਰਹੇ ਹਨ। ਇਸ ਲਈ ਇਨ੍ਹਾਂ ਪਰਿਵਾਰਾਂ ਨੂੰ ਬਹੁਤ ਮੁਸ਼ਕਲਾਂ ਭਰਿਆ ਜੀਵਨ ਗੁਜ਼ਾਰਨਾ ਪੈਂਦਾ ਹੈ। ਅਜਿਹੇ ਲੋੜਵੰਦਾਂ ਦੀ ਮਦਦ ਕਰਨਾ ਵੱਡਾ ਪੁੰਨ ਦਾ ਕਾਰਜ ਹੈ ਅਤੇ ਇਸ ਭਾਵਨਾ ਅਧੀਨ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਪਿਛਲੇ 21-22 ਸਾਲਾਂ ਤੋਂ ਲਗਾਤਾਰ ਰਾਹਤ ਸਮੱਗਰੀ ਭਿਜਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਨਤੀਜੇ ਵਜੋਂ ਸਰਹੱਦੀ ਪਰਿਵਾਰਾਂ ਅਤੇ ਅੱਤਵਾਦ ਪੀੜਤਾਂ ਨੂੰ ਬਹੁਤ ਸਹਾਰਾ ਮਿਲਿਆ ਹੈ ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਹੈ ਕਿ ਸੰਕਟ ਦੀ ਘੜੀ ਵਿਚ ਦੇਸ਼-ਵਾਸੀ ਉਨ੍ਹਾਂ ਦੇ ਨਾਲ ਖੜ੍ਹੇ ਹਨ।

ਜੰਮੂ-ਕਸ਼ਮੀਰ ਪੁਲਸ ਦੇ ਰਿਟਾਇਰਡ ਇੰਸਪੈਕਟਰ ਸ. ਹਜ਼ਾਰਾ ਸਿੰਘ ਨੇ ਕਿਹਾ ਕਿ ਸਰਹੱਦੀ ਪੱਟੀ ਵਿਚ ਰਹਿਣ ਵਾਲੇ ਭਾਰਤੀ ਪਰਿਵਾਰਾਂ ਦਾ ਜੀਵਨ ਪਾਕਿਸਤਾਨ ਦੀਆਂ ਗਲਤ ਹਰਕਤਾਂ ਕਾਰਣ ਦੁਸ਼ਵਾਰ ਹੋ ਗਿਆ ਹੈ। ਇਹ ਲੋਕ ਆਪਣੀ ਇੱਛਾ ਅਨੁਸਾਰ ਆਪਣੇ ਹੀ ਖੇਤਾਂ ’ਚ ਕੰਮ ਨਹੀਂ ਕਰ ਸਕਦੇ। ਹਰ ਵੇਲੇ ਸਿਰ ’ਤੇ ਖਤਰਾ ਮੰਡਰਾਉਂਦਾ ਰਹਿੰਦਾ ਹੈ। ਜਲੰਧਰ ਦੇ ਐੱਨ. ਆਰ. ਆਈ. ਸ. ਸਰਬਜੀਤ ਸਿੰਘ ਗਿਲਜੀਆਂ ਨੇ ਕਿਹਾ ਕਿ ਹੁਣ ਤੱਕ ਅਖਬਾਰਾਂ ਵਿਚ ਹੀ ਸਰਹੱਦੀ ਪਰਿਵਾਰਾਂ ਦੀਆਂ ਮੁਸ਼ਕਲਾਂ ਬਾਰੇ ਪੜ੍ਹਦੇ ਰਹੇ ਹਾਂ ਪਰ ਅੱਜ ਅੱਖੀਂ ਵੇਖਣ ਦਾ ਮੌਕਾ ਮਿਲਿਆ ਹੈ। ਸੱਚਮੁੱਚ ਇਹ ਲੋਕ ਬੜੀ ਤਰਸਯੋਗ ਹਾਲਤ ’ਚ ਜੀਵਨ ਗੁਜ਼ਾਰ ਰਹੇ ਹਨ। ਅਜਿਹੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਸਭ ਦਾ ਫਰਜ਼ ਹੈ ਅਤੇ ਸਾਡੇ ਗੁਰੂਆਂ-ਪੀਰਾਂ ਦੀ ਵੀ ਇਹੋ ਹੀ ਸਿੱਖਿਆ ਹੈ ਕਿ ਭੁੱਖੇ ਨੂੰ ਰੋਟੀ ਖੁਆਉਣ ਤੋਂ ਵੱਡਾ ਪਵਿੱਤਰ ਕੋਈ ਕਾਰਜ ਨਹੀਂ ਹੈ।
ਬਟਾਲਾ ਤੋਂ ਗਏ ਸਮਾਜ ਸੇਵੀ ਸ਼੍ਰੀ ਵਿਜੇ ਪ੍ਰਭਾਕਰ ਨੇ ਆਪਣੇ ਸੰਬੋਧਨ ’ਚ ਿਕਹਾ ਕਿ ਦੀਨ-ਦੁਖੀਆਂ ਅਤੇ ਲੋੜਵੰਦਾਂ ਦੀ ਸੇਵਾ ਉਹੀ ਵਿਅਕਤੀ ਕਰ ਸਕਦਾ ਹੈ, ਜਿਸ ’ਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਪਰਿਵਾਰਾਂ ਨੂੰ ਅਣਗਿਣਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਾਨੂੰ ਅੱਗੇ ਵੱਧ ਕੇ ਇਨ੍ਹਾਂ ਦਾ ਦੁੱਖ-ਦਰਦ ਵੰਡਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਪ੍ਰਭਾਵਿਤ ਲੋਕਾਂ ਲਈ ਹੋਰ ਸਮੱਗਰੀ ਭਿਜਵਾਈ ਜਾਵੇਗੀ।

ਇਹ ਵੀ ਪੜ੍ਹੋ : ਜਲੰਧਰ: ਨਾਈਟ ਕਰਫ਼ਿਊ ਦੌਰਾਨ ਰੋਕਣ ’ਤੇ ਨੌਜਵਾਨਾਂ ਨੇ SHO ਦਾ ਚਾੜ੍ਹਿਆ ਕੁਟਾਪਾ, AK-47 ਖੋਹਣ ਦੀ ਕੀਤੀ ਕੋਸ਼ਿਸ਼

ਸਰਹੱਦੀ ਲੋਕ ਸੱਚੇ ਦੇਸ਼ ਭਗਤ ਹਨ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਹਰ ਘੜੀ ਦੁਸ਼ਮਣ ਦੇ ਸਾਹਮਣੇ ਸੀਨਾ ਤਾਣ ਕੇ ਡਟਣ ਵਾਲੇ ਸਰਹੱਦੀ ਲੋਕ ਸਹੀ ਅਰਥਾਂ ’ਚ ਸੱਚੇ ਦੇਸ਼ ਭਗਤ ਅਤੇ ਸਰਹੱਦਾਂ ਦੇ ਰਾਖੇ ਹਨ। ਵਰ੍ਹਦੀਆਂ ਗੋਲੀਆਂ, ਸਹੂਲਤਾਂ ਦੀ ਘਾਟ ਅਤੇ ਮੁਸ਼ਕਲ ਹਾਲਾਤ ਵਿਚ ਵੀ ਇਹ ਪਰਿਵਾਰ ਆਪਣੇ ਘਰਾਂ ’ਚ ਹੀ ਹਰ ਸਥਿਤੀ ਦਾ ਸਾਹਮਣਾ ਕਰਦੇ ਹਨ। ਅਜਿਹੇ ਬਹਾਦਰ ਲੋਕਾਂ ਨੂੰ ਸਲਾਮ ਕਰਨਾ ਬਣਦਾ ਹੈ। ਸ਼੍ਰੀ ਸ਼ਰਮਾ ਨੇ ਕਿਹਾ ਕਿ ਸਰਹੱਦੀ ਲੋਕ ਨਾ ਸਿਰਫ ਮੁਸ਼ਕਲਾਂ ਭਰਿਆ ਜੀਵਨ ਗੁਜ਼ਾਰਦੇ ਹਨ, ਸਗੋਂ ਸਰਹੱਦ ’ਤੇ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਹਿੱਲ-ਜੁੱਲ ਬਾਰੇ ਸੁਰੱਖਿਆ ਫੋਰਸਾਂ ਨੂੰ ਜਾਣਕਾਰੀ ਵੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਨਾ ਸਾਡਾ ਸਭ ਦਾ ਫਰਜ਼ ਹੈ।

ਘੋਰ ਗਰੀਬੀ ਹੰਢਾ ਰਹੇ ਨੇ ਸਰਹੱਦੀ ਲੋਕ : ਸਰਬਜੀਤ ਜੌਹਲ
ਪਿਛਲੇ ਦਿਨੀਂ ਹੋਈਆਂ ਚੋਣਾਂ ਵਿਚ ਜ਼ਿਲਾ ਵਿਕਾਸ ਪ੍ਰੀਸ਼ਦ ਦੇ ਮੈਂਬਰ ਚੁਣੇ ਗਏ ਸਮਾਜ ਸੇਵੀ ਸ. ਸਰਬਜੀਤ ਸਿੰਘ ਜੌਹਲ ਨੇ ਸਰਹੱਦੀ ਖੇਤਰਾਂ ਦੇ ਹਾਲਾਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਲੋਕ ਘੋਰ ਗਰੀਬੀ ਵਾਲਾ ਜੀਵਨ ਹੰਢਾ ਰਹੇ ਹਨ। ਸਰਹੱਦੀ ਖੇਤਰਾਂ ਵਿਚ ਰੋਜ਼ਗਾਰ ਦੇ ਸਾਧਨ ਨਹੀਂ ਹਨ, ਜਿਸ ਕਾਰਣ ਇਥੇ ਭਾਰੀ ਬੇਰੋਜ਼ਗਾਰੀ ਹੈ। ਕੁਝ ਲੋਕ ਪੰਜਾਬ ਜਾਂ ਹੋਰ ਰਾਜਾਂ ਵਿਚ ਜਾ ਕੇ ਮਿਹਨਤ-ਮਜ਼ਦੂਰੀ ਕਰ ਕੇ ਰੋਟੀ ਕਮਾਉਣ ਦਾ ਯਤਨ ਕਰਦੇ ਹਨ ਪਰ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਤੋਂ ਵੱਖ ਰਹਿਣਾ ਪੈਂਦਾ ਹੈ। ਸ. ਜੌਹਲ ਨੇ ਕਿਹਾ ਕਿ ਸਰਹੱਦੀ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਈ ’ਚ ਵੀ ਬਹੁਤ ਮੁਸ਼ਕਲ ਆਉਂਦੀ ਹੈ। ਉੱਚ ਪੱਧਰੀ ਸਿੱਖਿਆ ਤਾਂ ਕੋਈ ਨਵਾਂ ਬੱਚਾ ਹੀ ਪ੍ਰਾਪਤ ਕਰ ਸਕਦਾ ਹੈ।

ਗੁਜਰਾਤ ਦੇ ਭੂਚਾਲ ਨੇ ਖਾ ਲਿਆ ਕਮਲੇਸ਼ ਦਾ ਸਹਾਰਾ
ਪਿੰਡ ਭੱਖੜੀ ਦੀ ਰਹਿਣ ਵਾਲੀ ਕਮਲੇਸ਼ ਕੁਮਾਰੀ ਨੇ ਦੱਸਿਆ ਕਿ ਉਸ ਦਾ ਘਰ ਵਾਲਾ ਕੁਲਵੰਤ ਰਾਜ ਮਿਹਨਤ-ਮਜ਼ਦੂਰੀ ਕਰਨ ਲਈ ਗੁਜਰਾਤ ਗਿਆ ਹੋਇਆ ਸੀ, ਜਦੋਂ ਉਥੇ 2001 ਵਿਚ ਭਾਰੀ ਭੂਚਾਲ ਆ ਗਿਆ। ਕੁਲਵੰਤ ਰਾਜ ਮਲਬੇ ਹੇਠ ਦੱਬਿਆ ਗਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਿਗਆ। ਉਸ ਵੇਲੇ ਤਾਂ ਉਸ ਦੀ ਜਾਨ ਬਚ ਗਈ ਪਰ ਸਿਹਤ ਲਗਾਤਾਰ ਵਿਗੜਦੀ ਹੀ ਗਈ। ਉਹ ਆਪਣੇ ਘਰ ਪਰਤ ਆਇਆ ਅਤੇ 3-4 ਸਾਲਾਂ ਬਾਅਦ ਮਰ ਗਿਆ। ਉਸ ਦੇ 5 ਬੱਚੇ ਹਨ, ਜਿਨ੍ਹਾਂ ਵਿਚੋਂ ਦੋਹਾਂ ਲੜਕਿਆਂ ਨੂੰ ਉਸ ਨੇ ਮਜ਼ਦੂਰੀ ਦੇ ਰਾਹ ਤੋਰ ਦਿੱਤਾ ਤਾਂ ਜੋ ਘਰ ਦਾ ਤੋਰਾ ਤੁਰਦਾ ਰਹੇ। ਉਹ ਆਪ ਵੀ ਮਿਹਨਤ ਕਰਦੀ ਹੈ ਪਰ ਉਸ ਨੂੰ ਲੱਗਦਾ ਹੈ ਜਿਵੇਂ ਜ਼ਿੰਦਗੀ ਇਕ ਬੋਝ ਬਣ ਗਈ ਹੈ। ਉਸ ਨੇ ਕਿਹਾ ਕਿ ਅੱਜ ਤੱਕ ਵਿਧਵਾ ਪੈਨਸ਼ਨ ਵੀ ਨਹੀਂ ਲੱਗੀ।

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ, ਫਿਲੌਰ ’ਚ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ, ਦੋਵਾਂ ਦੀ ਮੌਤ

ਵਿਧਵਾ ਪੁਸ਼ਪਾ ਲਈ ਜ਼ਿੰਦਗੀ ਪਹਾੜ ਵਰਗੀ ਹੋ ਗਈ
ਪਿੰਡ ਚੱਕ ਬਬਰਾਲ ਦੀ ਰਹਿਣ ਵਾਲੀ ਵਿਧਵਾ ਪੁਸ਼ਪਾ ਦੇਵੀ ਲਈ ਜ਼ਿੰਦਗੀ ਪਹਾੜ ਵਰਗੀ ਹੋ ਗਈ ਹੈ। 2001 ਵਿਚ ਉਸ ਦਾ ਘਰ ਵਾਲਾ ਜੀਤ ਲਾਲ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਜੀਤ ਲਾਲ ਦੀ ਮੌਤ ਪਿੱਛੋਂ ਪਰਿਵਾਰ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਅਤੇ ਨਾ ਕੋਈ ਰੋਜ਼ੀ-ਰੋਟੀ ਦਾ ਸਾਧਨ ਰਿਹਾ। ਪੁਸ਼ਪਾ ਦੇਵੀ ਨੇ ਦੱਸਿਆ ਕਿ ਉਸ ਨੇ ਮੱਝ ਪਾਲ ਰੱਖੀ ਹੈ, ਬਸ ਉਸ ਦਾ ਦੁੱਧ ਵੇਚ ਕੇ ਉਹ ਚੁੱਲ੍ਹਾ ਬਾਲਦੀ ਹੈ। ਉਸ ਦਾ ਇਕ ਲੜਕਾ ਹੈ ਜੋ ਛੋਟੀ ਉਮਰੇ ਹੀ ਦਿਹਾੜੀ ਮਜ਼ਦੂਰੀ ਦੇ ਕੰਮਾਂ ’ਚ ਲੱਗ ਗਿਆ ਸੀ। ਉਸ ਨੇ ਸਰਕਾਰ ਤੋਂ ਮੰਗ ਕੀਤੀ ਕਿ ਵਿਧਵਾ ਔਰਤਾਂ ਨੂੰ ਵਿਸ਼ੇਸ਼ ਮਾਲੀ ਮਦਦ ਦਿੱਤੀ ਜਾਵੇ ਅਤੇ ਇਕ ਬੱਚੇ ਨੂੰ ਨੌਕਰੀ ਦਿੱਤੀ ਜਾਵੇ।

ਸ਼੍ਰੀ ਵਿਜੇ ਢੀਂਗਰਾ ਹਾਲੈਂਡ ਨੇ ਦਿੱਤਾ ਇਸ ਵਾਰ ਦੀ ਸਮੱਗਰੀ ਦਾ ਯੋਗਦਾਨ
589ਵੇਂ ਟਰੱਕ ਦੀ ਸਮੱਗਰੀ ਦਾ ਯੋਗਦਾਨ ਉੱਘੇ ਸਮਾਜ ਸੇਵੀ ਸ਼੍ਰੀ ਵਿਜੇ ਢੀਂਗਰਾ ਹਾਲੈਂਡ ਨੇ ਆਪਣੇ ਪਿਤਾ ਸ਼੍ਰੀ ਅਨੋਖ ਚੰਦ ਢੀਂਗਰਾ ਨੂਰਮਹਿਲ ਦੇ ਆਸ਼ੀਰਵਾਦ ਨਾਲ ਦਿੱਤਾ ਸੀ। ਉਹ ਸਮਾਜ ਸੇਵੀ ਕਾਰਜਾਂ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਹਨ ਅਤੇ ਇਸ ਰਾਹਤ ਮੁਹਿੰਮ ’ਚ ਪਹਿਲਾਂ ਵੀ ਸਮੱਗਰੀ ਦੇ ਟਰੱਕ ਭਿਜਵਾ ਚੁੱਕੇ ਹਨ।

ਕੌਣ-ਕੌਣ ਮੌਜੂਦ ਸਨ
ਰਾਹਤ ਵੰਡ ਆਯੋਜਨ ਦੇ ਮੌਕੇ ’ਤੇ ਪੰਜਾਬ ਦੇ ਸ਼ਹਿਰ ਬਟਾਲਾ ਤੋਂ ਗਏ ਸ਼੍ਰੀ ਕਿਰਨ ਅਗਰਵਾਲ, ਦਿਨੇਸ਼ ਅਗਰਵਾਲ, ਇਲਾਕੇ ਦੇ ਸਰਪੰਚ ਕਾਲੀ ਦਾਸ, ਪਿੰਡ ਕੇਸੋ ਦੇ ਸ਼ਿਵ ਚੌਧਰੀ, ਡਾ. ਪੰਕਜ, ਬੰਟੀ ਸ਼ਰਮਾ, ਵਿਵੇਕ ਕੁਮਾਰ, ਪ੍ਰਵੀਨ ਚੌਧਰੀ ਅਤੇ ਹੋਰ ਪਤਵੰਤੇ ਮੌਜੂਦ ਸਨ।


author

shivani attri

Content Editor

Related News