ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਪਰਿਵਾਰਾਂ ਲਈ ਭੇਜੀ ਗਈ 465ਵੇਂ ਟਰੱਕ ਦੀ ਰਾਹਤ ਸਮੱਗਰੀ

02/21/2018 5:04:27 PM

ਜਲੰਧਰ (ਵਰਿੰਦਰ ਸ਼ਰਮਾ) - ਕਠੂਆ ਤੋਂ ਪੁੰਛ ਤਕ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਭਾਰਤੀ ਪਿੰਡਾਂ ਨੂੰ ਦੇਖੀਏ ਤਾਂ ਲੱਗਦਾ ਹੈ ਕਿ ਉਥੇ ਜੰਗ ਵਰਗੇ ਹਾਲਾਤ ਹਨ । ਉਥੇ ਰਹਿੰਦੇ ਲੋਕਾਂ ਨੂੰ 1965 ਤੇ 1971 ਦੀਆਂ ਜੰਗਾਂ ਵਰਗੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਲੋਕ ਪਾਕਿਸਤਾਨ ਦੀਆਂ ਗੋਲੀਆਂ, ਬੇਰੋਜ਼ਗਾਰੀ, ਬੱਚਿਆਂ ਦੀ ਸਿੱਖਿਆ ਅਤੇ ਅੱਤਵਾਦੀ ਘਟਨਾਵਾਂ ਨਾਲ ਜੂਝ ਰਹੇ ਹਨ। ਸਰਕਾਰ ਦੇ ਸ਼ਰਨਾਰਥੀ ਕੈਂਪ ਸਿਰਫ ਨਾਂ ਦੇ ਕੈਂਪ ਹਨ, ਉਥੇ ਮਦਦ ਦੇ ਨਾਂ 'ਤੇ ਛੱਤ ਤੋਂ ਇਲਾਵਾ ਕੁਝ ਵੀ ਨਹੀਂ ਮਿਲ ਰਿਹਾ। ਹਾਲਾਤ ਇਹ ਹਨ ਕਿ ਪਾਕਿਸਤਾਨ ਕਦੋਂ ਫਾਇਰ ਕਰ ਦੇਵੇ, ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ। ਘੁਸਪੈਠ ਲਈ ਪਾਕਿਸਤਾਨ ਉਨ੍ਹਾਂ ਦੇ ਖੇਤਾਂ 'ਚ ਸੁਰੰਗਾਂ ਵੀ ਪੁੱਟ ਦਿੰਦਾ ਹੈ ਜਾਂ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਸਮੱਗਲਿੰਗ ਲਈ ਚੋਰੀ-ਚੋਰੀ ਵਰਤਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਸੁਰੱਖਿਆ ਬਲਾਂ ਦੀ ਜ਼ਿਆਦਤੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਥੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਜ਼ਖ਼ਮੀ ਹੋ ਚੁੱਕੇ ਹਨ। ਗੋਲੀਬਾਰੀ ਤੇ ਅੱਤਵਾਦ ਤੋਂ ਪੀੜਤ ਇਨ੍ਹਾਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ 'ਪੰਜਾਬ ਕੇਸਰੀ ਗਰੁੱਪ' ਚੰਗੀ ਤਰ੍ਹਾਂ ਮਹਿਸੂਸ ਕਰਦਾ ਹੈ ਤੇ ਇਸ ਲਈ ਲੰਬੇ ਸਮੇਂ ਤੋਂ ਇਸ ਗਰੁੱਪ ਨੇ ਸਰਹੱਦੀ ਖੇਤਰਾਂ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨ ਵਾਲੇ ਇਨ੍ਹਾਂ ਲੋਕਾਂ ਦੀ ਮਦਦ ਲਈ ਸਹਾਇਤਾ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਤਹਿਤ ਹੁਣ ਤਕ ਰਾਹਤ ਸਮੱਗਰੀ ਦੇ 464 ਟਰੱਕ ਉਥੇ ਪਹੁੰਚਾਏ ਜਾ ਚੁੱਕੇ ਹਨ, ਜੋ ਵੱਖ-ਵੱਖ ਸੰਸਥਾਵਾਂ ਅਤੇ ਮਹਾਨ ਸ਼ਖਸੀਅਤਾਂ ਵਲੋਂ ਭੇਟ ਕੀਤੇ ਜਾਂਦੇ ਹਨ।
ਇਸੇ ਤਹਿਤ ਬੀਤੇ ਦਿਨ ਰਾਹਤ ਸਮੱਗਰੀ ਦਾ 465ਵਾਂ ਟਰੱਕ 'ਪੰਜਾਬ ਕੇਸਰੀ ਗਰੁੱਪ' ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਰਵਾਨਾ ਕੀਤਾ, ਜਿਸ 'ਚ ਰਜਾਈਆਂ ਭੇਜੀਆਂ ਗਈਆਂ। ਭਗਵਾਨ ਮਹਾਵੀਰ ਸੇਵਾ ਸੰਸਥਾਨ ਐਂਡ ਮਹਿਲਾ ਸ਼ਾਖਾ ਲੁਧਿਆਣਾ ਤੇ ਭਗਵਾਨ ਮਹਾਵੀਰ ਸੋਸਾਇਟੀ ਲੁਧਿਆਣਾ ਦੀ ਪ੍ਰੇਰਨਾ ਨਾਲ ਲੁਧਿਆਣਾ ਦੇ ਸ਼ਾਹ ਜੀ ਪਰਿਵਾਰ ਦੇ ਮੋਨਿਕਾ ਜੈਨ ਤੇ ਰਾਜ ਕੁਮਾਰ ਜੈਨ ਵਲੋਂ ਭੇਜੀਆਂ ਗਈਆਂ ਇਹ 325 ਰਜਾਈਆਂ ਪਾਕਿਸਤਾਨੀ ਸਰਹੱਦ (ਆਰ. ਐੱਸ. ਪੁਰਾ ਬਾਰਡਰ) ਤੋਂ ਸਿਰਫ 100 ਗਜ਼ ਦੀ ਦੂਰੀ 'ਤੇ ਸਥਿਤ ਪਿੰਡ ਚਾਨਣ 'ਚ ਪ੍ਰਭਾਵਿਤ ਲੋਕਾਂ ਨੂੰ ਸਮਾਜ ਸੇਵਕ ਕੁਲਦੀਪ ਗੁਪਤਾ (ਕਾਲੇ ਸ਼ਾਹ) ਦੀ ਦੇਖ-ਰੇਖ 'ਚ ਵੰਡੀਆਂ ਗਈਆਂ। ਇਹ ਪੁੰਨ ਦਾ ਕੰਮ ਕਮਲੇਸ਼ ਜੈਨ, ਚਾਂਦ ਜੈਨ ਤੇ ਵੀਨਾ ਜੈਨ ਦੇ ਵਿਸ਼ੇਸ਼ ਸਹਿਯੋਗ ਤੇ ਮਾਰਗਦਰਸ਼ਨ 'ਚ ਸੰਪੰਨ ਹੋਇਆ।


Related News