ਅਕਾਲੀਆਂ ਨਾਲ ਵਿਕਾਸ ਦੇ ਮੁੱਦੇ ''ਤੇ ਬਹਿਸ ਨੂੰ ਤਿਆਰ ਹਾਂ : ਸਿੱਧੂ

02/17/2018 12:51:43 AM

ਸੰਗਰੂਰ (ਬੇਦੀ, ਬਾਵਾ, ਵਿਵੇਕ ਸਿੰਧਵਾਨੀ, ਯਾਦਵਿੰਦਰ, ਰੂਪਕ) - ਗਣਤੰਤਰ ਦਿਹਾੜੇ ਮੌਕੇ ਸੰਗਰੂਰ ਲਈ ਵੱਡੇ ਐਲਾਨ ਕਰਨ ਤੋਂ ਕੁਝ ਹੀ ਦਿਨਾਂ ਬਾਅਦ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਜ਼ਿਲੇ ਵਿਚਲੇ ਅਧੂਰੇ ਪਏ ਕੰਮਾਂ ਨੂੰ ਪੂਰਾ ਕਰਨ ਲਈ 206 ਕਰੋੜ ਰੁਪਏ ਦੀ ਰਕਮ ਜਾਰੀ ਕਰਨ ਦਾ ਐਲਾਨ ਅਤੇ ਸ਼ਹਿਰ ਲਈ 90.88 ਕਰੋੜ ਰੁਪਏ ਲਾਗਤ ਵਾਲੇ ਸੀਵਰੇਜ ਪ੍ਰਾਜੈਕਟ ਦਾ ਆਗਾਜ਼ ਕੀਤਾ। ਦਰਸ਼ਨ ਸਿੰਘ ਫੇਰੂਮਾਨ ਚੌਕ ਵਿਖੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਅਕਾਲੀ ਦਲ ਨੂੰ ਤਕੜੇ ਰਗੜੇ ਲਾਏ ਅਤੇ ਕਿਹਾ ਕਿ ਸੰਗਰੂਰ ਦੇ ਲੋਕ ਵਿਜੇਇੰਦਰ ਸਿੰਗਲਾ ਨੂੰ ਹੀ ਆਪਣਾ ਲੋਕਲ ਬਾਡੀ ਮਨਿਸਟਰ ਸਮਝਣ ਅਤੇ ਇਲਾਕੇ ਦੇ ਵਿਕਾਸ ਲਈ ਸਿੰਗਲਾ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ 90.88 ਕਰੋੜ ਦੀ ਰਕਮ ਨਾਲ ਸ਼ਹਿਰ ਵਿਚਲੀ ਸੀਵਰੇਜ, ਪੀਣ ਵਾਲੇ ਪਾਣੀ ਦੀ ਸਮੱਸਿਆ ਜੜ੍ਹੋਂ ਖਤਮ ਹੋ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਵਰ੍ਹਦਿਆਂ ਸਿੱਧੂ ਨੇ ਕਿਹਾ ਕਿ ਉਹ ਨਿਹਾਇਤ ਹੀ ਝੂਠਾ ਇਨਸਾਨ ਹੈ, ਜਿਸ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਤੋਂ ਬਿਨਾਂ ਕੁੱਝ ਨਹੀਂ ਕੀਤਾ। 20 ਸਾਲ ਪਹਿਲਾਂ ਇਕ ਬੱਸ ਦਾ ਮਾਲਕ ਅੱਜ 8 ਬੱਸ ਕੰਪਨੀਆਂ ਦਾ ਮਾਲਕ ਹੈ । ਅਕਾਲੀ ਦਲ ਨੇ ਸਿਆਸੀ ਲਾਹਾ ਲੈਣ ਲਈ ਪੰਜਾਬ ਦੇ ਲੋਕਾਂ ਨੂੰ ਲਗਾਤਾਰ ਗੁੰਮਰਾਹ ਕੀਤਾ। ਉਨ੍ਹਾਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ 'ਚ ਕੀਤੇ ਵਿਕਾਸ ਕੰਮਾਂ ਬਾਰੇ ਉਹ ਬਹਿਸ ਕਰਨ ਨੂੰ ਤਿਆਰ ਹਨ। ਪੰਜਾਬ ਦੀ ਆਰਥਿਕ ਮੰਦਹਾਲੀ ਲਈ ਸ਼੍ਰੋਮਣੀ ਅਕਾਲੀ ਭਾਜਪਾ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ, ਜਿਸ ਨੇ ਹਮੇਸ਼ਾ ਆਪਣੇ ਸੌੜੇ ਹਿੱਤਾਂ ਨੂੰ ਤਰਜੀਹ ਦਿੱਤੀ।
ਇਸ ਮੌਕੇ ਵਿਧਾਇਕ ਵਿਜੇਇੰਦਰ ਸਿੰਗਲਾ ਨੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਸੰਗਰੂਰ ਨਗਰ ਕੌਂਸਲ ਦਾ ਦਫਤਰ, ਜੋ ਕਿ ਖਸਤਾ ਹਾਲਤ 'ਚ ਹੈ, ਲਈ ਬਣਦੀ ਗ੍ਰਾਂਟ ਦਿੱਤੀ ਜਾਵੇ ਜਾਂ ਉਸ ਨੂੰ ਨਗਰ ਸੁਧਾਰ ਟਰੱਸਟ ਦੇ ਦਫਤਰ 'ਚ ਤਬਦੀਲ ਕਰ ਦਿੱਤਾ ਜਾਵੇ।


Related News