ਅਧਿਆਪਕ ''ਤੇ ਵਿਦਿਆਰਥਣ ਨਾਲ ਜਬਰ-ਜ਼ਨਾਹ ਤੇ ਗਰਭਪਾਤ ਕਰਵਾਉਣ ਦਾ ਦੋਸ਼
Wednesday, Feb 07, 2018 - 06:34 AM (IST)
ਲੁਧਿਆਣਾ(ਵਿੱਕੀ)- ਜ਼ਿਲੇ ਦੇ ਇਕ ਸਰਕਾਰੀ ਸਕੂਲ ਦੇ ਅਧਿਆਪਕ ਨੇ ਇਕ ਹੋਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ 'ਤੇ ਇਕ ਵਿਦਿਆਰਥਣ ਨਾਲ ਕਥਿਤ ਜਬਰ-ਜ਼ਨਾਹ ਕਰਨ ਦੇ ਬਾਅਦ ਗਰਭਵਤੀ ਹੋਈ ਉਕਤ ਵਿਦਿਆਰਥਣ ਦਾ ਗਰਭਪਾਤ ਕਰਵਾਉਣ ਦੀ ਯੋਜਨਾ ਤਿਆਰ ਕਰਨ ਦਾ ਦੋਸ਼ ਲਾਇਆ ਹੈ। ਪੰਜਾਬ ਦੇ ਡੀ. ਜੀ. ਪੀ., ਸੈਕਟਰੀ ਐਜੂਕੇਸ਼ਨ, ਡੀ. ਪੀ. ਆਈ., ਐੱਸ. ਐੱਸ. ਪੀ. ਲੁਧਿਆਣਾ ਦਿਹਾਤੀ, ਡੀ. ਈ. ਓ. ਲੁਧਿਆਣਾ, ਐੱਸ. ਡੀ. ਐੱਮ. ਅਤੇ ਜ਼ਿਲਾ ਭਲਾਈ ਅਫਸਰ ਨੂੰ ਭੇਜੀ ਸ਼ਿਕਾਇਤ 'ਚ ਸ਼ਿਕਾਇਤਕਰਤਾ ਅਧਿਆਪਕ ਨੇ ਦੋਸ਼ ਲਾਇਆ ਹੈ ਕਿ ਉਸ ਦੇ ਕੋਲ ਇਕ ਆਡੀਓ ਕਲਿੱਪ ਹੈ, ਜਿਸ 'ਚ 2 ਵਿਅਕਤੀ ਆਪਸ 'ਚ ਵਿਦਿਆਰਥਣ ਦਾ ਗਰਭਪਾਤ ਕਰਵਾਉਣ ਸਬੰਧੀ ਯੋਜਨਾ ਤਿਆਰ ਕਰ ਰਹੇ ਹਨ। ਸ਼ਿਕਾਇਤਕਰਤਾ ਨੇ ਫੋਨ 'ਤੇ ਹੋਈ ਗੱਲ ਦੀ ਇਕ ਆਡੀਓ ਉਪਲਬਧ ਕਰਵਾਉਣ ਹੋਏ ਦੋਸ਼ ਲਾਇਆ ਹੈ ਕਿ ਗੱਲਬਾਤ ਕਰ ਰਹੇ ਦੋਵੇਂ ਵਿਅਕਤੀ, ਜਿਸ 'ਚ ਇਕ ਅਧਿਆਪਕ ਹੈ ਆਪਸ ਵਿਚ ਯੋਜਨਾ ਤਿਆਰ ਰਹੇ ਹਨ ਕਿ ਕਿਵੇਂ ਵਿਦਿਆਰਥਣ ਨੂੰ ਧੱਕਾ ਦੇ ਕੇ ਉਸ ਨੂੰ ਹਸਪਤਾਲ ਲਿਜਾਇਆ ਜਾਣਾ ਹੈ। ਇਸ 3.50 ਮਿੰਟ ਦੀ ਆਡੀਓ 'ਚ ਕਈ ਤਰ੍ਹਾਂ ਦੀਆਂ ਗੱਲਬਾਤਾਂ ਸੁਣਨ ਨੂੰ ਮਿਲ ਰਹੀਆਂ ਹਨ। ਸਿੱਖਿਆ ਵਿਭਾਗ ਦੇ ਕੋਲ ਉਕਤ ਸ਼ਿਕਾਇਤ ਪਹੁੰਚਦੇ ਹੀ ਵਿਭਾਗ ਦੇ ਸਾਹ ਰੁਕ ਗਏ। ਡੀ. ਈ. ਓ. ਸਵਰਨਜੀਤ ਕੌਰ ਨੇ ਆਡੀਓ ਅਤੇ ਸ਼ਿਕਾਇਤਕਰਤਾ ਵਲੋਂ ਲਾਏ ਗਏ ਦੋਸ਼ਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਲਈ ਡਿਪਟੀ ਡੀ. ਈ. ਓ. ਡਾ. ਚਰਨਜੀਤ ਸਿੰਘ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ। ਮਾਮਲੇ ਦੀ ਜਾਂਚ ਇਕ ਦੋ ਦਿਨ 'ਚ ਸ਼ੁਰੂ ਹੋਵੇਗੀ।
ਕੀ ਕਹਿਣਾ ਹੈ ਸ਼ਿਕਾਇਤਕਰਤਾ ਅਧਿਆਪਕ ਦਾ
ਸ਼ਿਕਾਇਤਕਰਤਾ ਅਧਿਆਪਕ ਨੇ ਦੱਸਿਆ ਕਿ ਉਹ ਉਕਤ ਸਕੂਲ 'ਚ ਤਾਇਨਾਤ ਰਿਹਾ ਹੈ। ਕੁਝ ਸਮਾਂ ਪਹਿਲਾਂ ਹੀ ਕਿਸੇ ਹੋਰ ਸਕੂਲ 'ਚ ਬਦਲੀ ਹੋਣ ਦੇ ਬਾਅਦ ਉਸ ਦੇ ਹੱਥ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਆਡੀਓ ਕਲਿੱਪ ਲੱਗੀ। ਆਡੀਓ ਸੁਣਨ ਦੇ ਬਾਅਦ ਉਸ ਨੇ ਸਬੰਧਤ ਇੰਚਾਰਜ ਪਿੰ੍ਰਸੀਪਲ ਦੀ ਆਵਾਜ਼ ਪਛਾਣ ਲਈ ਪਰ ਦੂਜੇ ਵਿਅਕਤੀ ਦੀ ਆਵਾਜ਼ ਨੂੰ ਪਛਾਣ ਨਹੀਂ ਸਕਿਆ। ਆਡੀਓ ਦੇ ਆਧਾਰ 'ਤੇ ਉਸ ਨੇ ਹੁਣ ਡੀ. ਜੀ. ਪੀ. ਸੈਕਟਰੀ, ਸੈਕਟਰੀ ਐਜੂਕੇਸ਼ਨ, ਡੀ. ਈ. ਓ. ਨੂੰ ਸ਼ਿਕਾਇਤ ਕਰ ਕੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਨੂੰ ਇਹ ਨਹੀਂ ਪਤਾ ਕਿ ਇਹ ਆਡੀਓ ਕਪਿਲ ਕਦੋਂ ਦੀ ਹੈ ਪਰ ਗੱਲਬਾਤ 'ਚ ਜੋ ਸੁਣਨ ਨੂੰ ਮਿਲਿਆ, ਉਸ ਨਾਲ ਬਹੁਤ ਧੱਕਾ ਲੱਗਾ ਹੈ। ਇਸ ਤਰ੍ਹਾਂ ਦੇ ਅਧਿਆਪਕ 'ਤੇ ਕਾਰਵਾਈ ਕਰਵਾਉਣਾ ਹੁਣ ਉਸ ਦੀ ਪਹਿਲ ਬਣ ਗਈ ਹੈ, ਜਿਸ ਦੇ ਆਧਾਰ 'ਤੇ ਹੀ ਉਸ ਨੇ ਜਾਂਚ ਦੀ ਮੰਗ ਕੀਤੀ ਹੈ।
ਮਿਲ ਚੁੱਕੀ ਹੈ ਸ਼ਿਕਾਇਤ ਅਤੇ ਆਡੀਓ ਕਲਿੱਪ : ਡੀ. ਈ. ਓ.
ਗੱਲ ਕਰਨ 'ਤੇ ਡੀ. ਈ. ਓ. ਸਵਰਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਕੋਲ ਉਕਤ ਸ਼ਿਕਾਇਤ ਦੇ ਇਲਾਵਾ ਗੱਲਬਾਤ ਦੀ ਆਡੀਓ ਵੀ ਆ ਗਈ ਹੈ। ਮਾਮਲਾ ਕਾਫੀ ਗੰਭੀਰ ਹੈ ਇਸ ਲਈ ਜਾਂਚ ਲਈ ਡਿਪਟੀ ਡੀ. ਈ. ਓ. ਚਰਨਜੀਤ ਸਿੰਘ ਨੂੰ ਜਾਂਚ ਅਧਿਕਾਰੀ ਲਾਇਆ ਗਿਆ ਹੈ।
ਆਡੀਓ ਕਲਿੱਪ 'ਚ ਆਵਾਜ਼ ਦੀ ਹੋਵੇਗੀ ਪਛਾਣ : ਜਾਂਚ ਅਧਿਕਾਰੀ
ਡਿਪਟੀ ਡੀ. ਈ. ਓ. ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼ ਮਿਲੇ ਹਨ। ਜਾਂਚ ਦੇ ਪਹਿਲੇ ਪੜਾਅ 'ਚ ਆਡੀਓ 'ਚ 2 ਵਿਅਕਤੀਆਂ ਦੀ ਚੱਲ ਰਹੀ ਗੱਲਬਾਤ ਦੇ ਆਧਾਰ 'ਤੇ ਆਵਾਜ਼ ਦੀ ਪਛਾਣ ਕਰਵਾਈ ਜਾਵੇਗੀ। ਜਾਂਚ ਲਈ ਸਬੰਧਤ ਸਕੂਲ ਦੇ ਸਟਾਫ ਦੇ ਇਲਾਵਾ ਸ਼ਿਕਾਇਤਕਰਤਾ ਨੂੰ ਵੀ ਬੁਲਾਇਆ ਗਿਆ ਹੈ।
