ਨਾਬਾਲਗ ਬੱਚੀ ਨੂੰ ਅਗਵਾ ਤੇ ਜਬਰ-ਜ਼ਿਨਾਹ ਮਾਮਲੇ ''ਚ 25 ਸਾਲ ਬਾਅਦ ਫ਼ੈਸਲਾ
Saturday, May 25, 2024 - 02:21 PM (IST)
ਚੰਡੀਗੜ੍ਹ (ਸੁਸ਼ੀਲ) : ਇੱਟਾਂ ਦੇ ਭੱਠੇ 'ਤੇ ਕੰਮ ਕਰਨ ਵਾਲੀ ਨਾਬਾਲਗ ਬੱਚੀ ਨੂੰ 25 ਸਾਲ ਪਹਿਲਾਂ ਅਗਵਾ ਕਰਕੇ ਜਬਰ-ਜ਼ਿਨਾਹ ਕਰਨ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਸ਼ੁੱਕਰਵਾਰ ਨੂੰ ਹਰੀ ਚੰਦ, ਪ੍ਰੀਤਮ ਅਤੇ ਵੀਰਮਤੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਅਦਾਲਤ ਨੇ 10 ਸਾਲ ਪਹਿਲਾਂ ਮੁਲਜ਼ਮ ਮਹਿੰਦਰ ਨੂੰ ਬਰੀ ਕਰ ਦਿੱਤਾ ਸੀ, ਜਦੋਂਕਿ ਪ੍ਰੇਮਪਾਲ ਅਤੇ ਸ਼ੀਸ਼ਪਾਲ ਦੀ ਟ੍ਰਾਈਲ ਦੌਰਾਨ ਮੌਤ ਹੋ ਗਈ ਸੀ। ਮਨੀਮਾਜਰਾ ਥਾਣਾ ਪੁਲਸ ਨੇ 15 ਦਸੰਬਰ 1999 ਨੂੰ ਮਾਮਲਾ ਦਰਜ ਕੀਤਾ ਸੀ।
ਸ਼ਿਕਾਇਤਕਰਤਾ ਪਿਤਾ ਨੇ ਦੱਸਿਆ ਸੀ ਕਿ ਕੁੱਝ ਲੋਕਾਂ ਨੇ ਕੁੜੀ ਨੂੰ ਅਗਵਾ ਕਰ ਲਿਆ ਸੀ। ਮਾਮਲੇ ਵਿਚ ਪੁਲਸ ਨੇ ਪਹਿਲਾਂ ਪ੍ਰੇਮਪਾਲ ਨੂੰ ਗ੍ਰਿਫ਼ਤਾਰ ਕੀਤਾ ਸੀ, ਪਰ ਬਾਕੀ ਮੁਲਜ਼ਮਾਂ ਵੀਰਮਤੀ, ਮਹਿੰਦਰ, ਪ੍ਰੀਤਮ ਸਿੰਘ ਅਤੇ ਸ਼ੀਸ਼ਪਾਲ ਨੂੰ ਭਗੌੜਾ ਐਲਾਨ ਦਿੱਤਾ। ਮਹਿੰਦਰ ਨੂੰ ਪੁਲਸ ਨੇ ਦਸੰਬਰ 2012 ਵਿਚ ਗ੍ਰਿਫ਼ਤਾਰ ਕੀਤਾ ਸੀ। ਉਸ ਖ਼ਿਲਾਫ਼ ਕੇਸ ਚੱਲਿਆ, ਪਰ ਉਹ ਬਰੀ ਹੋ ਗਿਆ। ਇਸ ਤੋਂ ਬਾਅਦ ਬਾਕੀ ਮੁਲਜ਼ਮਾਂ ਨੂੰ ਪੁਲਿਸ ਨੇ 11 ਅਗਸਤ 2023 ਨੂੰ ਗ੍ਰਿਫ਼ਤਾਰ ਕਰ ਲਿਆ ਸੀ।