ਅਦਾਲਤ ''ਚ ਮਦਦ ਦੇ ਬਹਾਨੇ ਔਰਤ ਨਾਲ ਵਧਾਇਆ ਮੇਲ-ਜੋਲ, ਫਿਰ ਵਾਰ-ਵਾਰ ਬਣਾਏ ਸਰੀਰਕ ਸਬੰਧ
Wednesday, Aug 10, 2022 - 11:39 AM (IST)
ਲੁਧਿਆਣਾ (ਰਾਜ) : ਪਤੀ ਦੇ ਨਾਲ ਚੱਲ ਰਹੇ ਤਲਾਕ ਦੇ ਕੇਸ ’ਚ ਅਦਾਲਤ ’ਚ ਮਦਦ ਦੇ ਬਹਾਨੇ ਮੇਲ-ਜੋਲ ਵਧਾਇਆ, ਫਿਰ ਮੁਲਜ਼ਮ ਨੇ ਜ਼ਬਰਨ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ। ਮੁਲਜ਼ਮ ਨੇ ਦੁਬਾਰਾ ਘਰ ’ਚ ਆ ਕੇ ਔਰਤ ਨਾਲ ਜਬਰ-ਜ਼ਿਨਾਹ ਕੀਤਾ। ਔਰਤ ਦੇ ਵਿਰੋਧ ਕਰਨ ’ਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦ ਕਿਰਾਏਦਾਰ ਬਚਾਅ ਕਰਨ ਆਇਆ ਤਾਂ ਉਸ ਦੇ ਨਾਲ ਵੀ ਕੁੱਟਮਾਰ ਕੀਤੀ ਗਈ। ਇਸ ਮਾਮਲੇ ’ਚ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਮੁਲਜ਼ਮ ਜੱਸੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੀੜਤ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਆਪਣੇ ਪਤੀ ਨਾਲ ਤਲਾਕ ਦਾ ਮਾਮਲਾ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਉਹ ਅਕਸਰ ਅਦਾਲਤ ’ਚ ਜਾਂਦੀ ਰਹਿੰਦੀ ਸੀ। ਉੱਥੇ ਉਸ ਦੀ ਮੁਲਾਕਾਤ ਜੱਸੀ ਨਾਂ ਦੇ ਵਿਅਕਤੀ ਨਾਲ ਹੋਈ, ਜਿਸ ਨੇ ਮਦਦ ਦਾ ਭਰੋਸਾ ਦਿੱਤਾ। ਇਸ ਕਾਰਨ ਉਹ ਰੂਟੀਨ ’ਚ ਮਿਲਣ ਲੱਗ ਪਏ ਸਨ। ਇਸ ਦੌਰਾਨ ਉਹ ਉਸ ਨੂੰ ਕੰਮ ਦੇ ਬਹਾਨੇ ਆਪਣੇ ਸ਼ਿਮਲਾਪੁਰੀ ਵਾਲੇ ਘਰ ਲੈ ਗਿਆ ਅਤੇ ਉੱਥੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ।
ਇੰਨਾ ਹੀ ਨਹੀਂ, ਉਹ ਅਕਸਰ ਉਸ ਨੂੰ ਡਰਾ-ਧਮਕਾ ਕੇ ਸਰੀਰਕ ਸਬੰਧ ਬਣਾਉਂਦਾ ਸੀ। ਉਹ 2 ਅਗਸਤ ਨੂੰ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਉਹ ਲਗਾਤਾਰ ਉਸ ਦਾ ਵਿਰੋਧ ਕਰ ਰਹੀ ਸੀ। ਇਕ ਦਿਨ ਉਹ ਉਸ ਦੇ ਘਰ ਆਇਆ ਅਤੇ ਉਸ ਦੀ ਕੁੱਟਮਾਰ ਕਰਨ ਲੱਗਾ, ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਬਚਾਅ ਲਈ ਆਏ ਕਿਰਾਏਦਾਰ ਦੀ ਵੀ ਕੁੱਟਮਾਰ ਕੀਤੀ ਅਤੇ ਉਸ ਦਾ ਮੋਬਾਇਲ ਖੋਹ ਲਿਆ। ਇੰਨਾ ਹੀ ਨਹੀਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਹੈ।