ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਦੇ ਦੋਸ਼ ’ਚ ਮਤਰੇਏ ਪਿਓ ਨੂੰ 20 ਸਾਲ ਕੈਦ

Wednesday, Mar 29, 2023 - 04:20 PM (IST)

ਚੰਡੀਗੜ੍ਹ (ਸੁਸ਼ੀਲ ਰਾਜ) : ਨਾਬਾਲਗ ਮਤਰੇਈ ਧੀ ਨਾਲ ਜਬਰ-ਜ਼ਿਨਾਹ ਦੇ ਮਾਮਲੇ 'ਚ ਫਾਸਟ ਟਰੈਕ ਜੱਜ ਸਵਾਤੀ ਸਹਿਗਲ ਦੀ ਅਦਾਲਤ ਨੇ ਦੋਸ਼ੀ ਪਿਤਾ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ’ਤੇ 60,000 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਜੁਰਮਾਨਾ ਅਦਾ ਨਾ ਕਰਨ ’ਤੇ ਦੋਸ਼ੀ ਪਿਤਾ ਨੂੰ 2 ਸਾਲ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ। ਸ਼ਿਕਾਇਤਕਰਤਾ ਦੇ ਵਕੀਲ ਨੇ ਅਦਾਲਤ 'ਚ ਕਿਹਾ ਸੀ ਕਿ ਪੀੜਤਾ ਦੀ ਮੈਡੀਕਲ ਜਾਂਚ 'ਚ ਜਬਰ-ਜ਼ਿਨਾਹ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਗਿਆ। ਸਰਕਾਰੀ ਵਕੀਲ ਨੇ ਕਿਹਾ ਸੀ ਕਿ ਇਹ ਕੇਸ ਵਾਜਬ ਸ਼ੱਕ ਤੋਂ ਪਰ੍ਹੇ ਸਾਬਤ ਹੋਇਆ ਹੈ। ਦੂਜੇ ਪਾਸੇ ਮੁਲਜ਼ਮ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਸ ਨੂੰ ਕੇਸ 'ਚ ਝੂਠਾ ਫਸਾਇਆ ਗਿਆ ਹੈ, ਇਸ ਤੋਂ ਇਲਾਵਾ ਇਹ ਕਿਹਾ ਗਿਆ ਸੀ ਕਿ ਉਹ ਅਤੇ ਪੀੜਤਾ ਦੀ ਮਾਂ ਇਕ ਮੁੰਡੇ ਨਾਲ ਪੀੜਤਾ ਦੇ ਸਬੰਧਾਂ ਦੇ ਖ਼ਿਲਾਫ਼ ਸਨ। ਅਜਿਹੇ ’ਚ ਪੀੜਤਾ ਨੇ ਆਪਣੇ ਪਿਤਾ ਖ਼ਿਲਾਫ਼ ਜਬਰ-ਜ਼ਿਨਾਹ ਦਾ ਝੂਠਾ ਮਾਮਲਾ ਦਰਜ ਕਰਵਾ ਦਿੱਤਾ।
3 ਤੋਂ 4 ਵਾਰ ਜ਼ਬਰਦਸਤੀ ਸਬੰਧ ਬਣਾਏ
ਦਾਇਰ ਕੇਸ 5 ਨਵੰਬਰ, 2020 ਦਾ ਹੈ। ਪੀੜਤਾ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮਾਂ ਨੇ ਦੂਜਾ ਵਿਆਹ ਕਰਵਾ ਲਿਆ। ਉਸ ਨੇ ਕਿਹਾ ਸੀ ਕਿ ਉਸ ਦੀ ਮਾਂ ਜਨਵਰੀ ਅਤੇ ਫਰਵਰੀ 2019 'ਚ ਉਸ ਦੇ ਦੂਜੇ ਵਿਆਹ ਤੋਂ ਬਾਅਦ ਗਰਭਵਤੀ ਸੀ, ਜਦੋਂ ਉਸ ਦੇ ਮਤਰੇਏ ਪਿਤਾ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਘਬਰਾਹਟ ਅਤੇ ਸ਼ਰਮ ਕਾਰਨ ਉਸ ਨੇ ਇਹ ਗੱਲ ਉਸ ਸਮੇਂ ਕਿਸੇ ਨੂੰ ਨਹੀਂ ਦੱਸੀ। ਪੀੜਤਾ ਅਨੁਸਾਰ ਉਸ ਦੇ ਪਿਤਾ ਨੇ ਉਸ ਨਾਲ ਤਿੰਨ-ਚਾਰ ਵਾਰ ਸਰੀਰਕ ਸਬੰਧ ਬਣਾਏ। ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਪੀੜਤਾ ਦੇ ਮੈਜਿਸਟ੍ਰੇਟ ਦੇ ਸਾਹਮਣੇ 164 ਦੀ ਕਾਰਵਾਈ ਕਰ ਕੇ ਬਿਆਨ ਦਰਜ ਕੀਤੇ ਸਨ। ਇਸ ਦੇ ਨਾਲ ਹੀ ਉਸ ਦੇ ਮਤਰੇਏ ਪਿਤਾ ਦੇ ਨਾਲ-ਨਾਲ ਨਾਬਾਲਗ ਕੁੜੀ ਦੀ ਮੈਡੀਕਲ ਜਾਂਚ ਕੀਤੀ ਗਈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਪੁਲਸ ਨੇ ਤੈਅ ਸਮੇਂ ’ਤੇ ਅਦਾਲਤ ’ਚ ਚਾਰਜਸ਼ੀਟ ਪੇਸ਼ ਕੀਤੀ, ਜਿਸ ’ਚ ਅਦਾਲਤ ਨੇ ਦੋਸ਼ਾਂ ਅਤੇ ਸਬੂਤਾਂ ਨੂੰ ਦੇਖਦੇ ਹੋਏ ਦੋਸ਼ ਤੈਅ ਕਰ ਕੇ ਸੁਣਵਾਈ ਸ਼ੁਰੂ ਕਰ ਦਿੱਤੀ।
 


Babita

Content Editor

Related News