ਲੜਕੀ ਨੂੰ ਅਗਵਾ ਕਰ ਕੇ ਕੀਤਾ ਜਬਰ-ਜ਼ਨਾਹ
Thursday, Jul 26, 2018 - 05:43 AM (IST)

ਹੁਸ਼ਿਆਰਪੁਰ(ਅਮਰਿੰਦਰ)-ਥਾਣਾ ਮੇਹਟੀਆਣਾ ਦੀ ਪੁਲਸ ਨੇ 19 ਸਾਲਾ ਇਕ ਲੜਕੀ ਨੂੰ ਅਗਵਾ ਕਰ ਕੇ ਬੰਧਕ ਬਣਾ ਕੇ ਜਬਰ-ਜ਼ਨਾਹ ਕਰਨ ਦੇ ਸਬੰਧ 'ਚ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਪੀੜਤਾ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਜਸਵਿੰਦਰ ਸਿੰਘ ਉਰਫ ਕਾਕਾ ਪੁੱਤਰ ਦਵਿੰਦਰ ਸਿੰਘ ਵਾਸੀ ਬੂਥਗੜ੍ਹ, ਵਰੁਣ, ਸੰਨੀ ਤੇ ਹੋਰ ਅਣਪਛਾਤੇ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਕੋਲ ਦਰਜ ਸ਼ਿਕਾਇਤ 'ਚ ਪੀੜਤਾ ਨੇ ਕਿਹਾ ਕਿ 4 ਨੌਜਵਾਨਾਂ ਨੇ ਉਸ ਦੇ ਘਰੋਂ ਉਸ ਨੂੰ ਅਗਵਾ ਕੀਤਾ ਅਤੇ ਫਿਰ ਕਿਸੇ ਅਣਜਾਣ ਥਾਂ 'ਤੇ ਲਿਜਾ ਕੇ ਚਾਰਾਂ ਨੇ ਉਸ ਨੂੰ ਕੋਈ ਨਸ਼ਾ ਦੇ ਕੇ ਸਮੂਹਿਕ ਜਬਰ-ਜ਼ਨਾਹ ਕੀਤਾ। ਉਹ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ 'ਚੋਂ ਛੁੱਟ ਕੇ ਆਪਣੇ ਘਰ ਪਹੁੰਚੀ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਗੱਲ ਦੱਸੀ। ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਲਾਪਤਾ ਹੋਣ ਸਬੰਧੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਵਾਈ ਸੀ। ਪੀੜਤਾ ਦੇ ਪਿਤਾ ਅਨੁਸਾਰ ਉਨ੍ਹਾਂ ਦੀ ਲੜਕੀ 24 ਜੂਨ ਦੀ ਰਾਤ ਨੂੰ ਘਰੋਂ ਗਾਇਬ ਹੋਈ ਸੀ। ਉਸ ਦੀ ਕਾਫੀ ਤਲਾਸ਼ ਕੀਤੀ ਪਰ ਕੁੱਝ ਵੀ ਪਤਾ ਨਹੀਂ ਲੱਗਾ। ਇਸ ਦੌਰਾਨ ਉਸ ਦਾ ਫੋਨ ਆਇਆ ਕਿ ਉਹ ਹੁਸ਼ਿਆਰਪੁਰ ਬੱਸ ਸਟੈਂਡ 'ਤੇ ਹੈ, ਜਿਸ ਤੋਂ ਬਾਅਦ ਉਹ ਉਸ ਨੂੰ ਲੈ ਕੇ ਘਰ ਪਹੁੰਚੇ। ਉਨ੍ਹਾਂ ਦੀ ਲੜਕੀ ਨੇ ਦੱਸਿਆ ਕਿ ਉਸ ਨੂੰ 4 ਲੜਕੇ ਘਰ ਦੇ ਬਾਹਰੋਂ ਅਗਵਾ ਕਰ ਕੇ ਲੈ ਗਏ ਸਨ।