ਪੰਜਾਬ: ਰੁੱਸ ਕੇ ਪੇਕੇ ਚਲੀ ਗਈ ਵਹੁਟੀ! ਭੜਕੇ ਜਵਾਈ ਨੇ ਗੋਲ਼ੀਆਂ ਮਾਰ ਕਰ''ਤਾ ਸੱਸ ਦਾ ਕਤਲ
Saturday, Dec 20, 2025 - 06:01 PM (IST)
ਲੁਧਿਆਣਾ (ਕੰਬੋਜ): ਲੁਧਿਆਣਾ ਦੇ ਜੀ. ਟੀ. ਬੀ. ਨਗਰ ਵਿਚ ਦਿਨ-ਦਿਹਾੜੇ ਹੋਏ ਮਹਿਲਾ ਦੇ ਕਤਲ ਦੇ ਮਾਮਲੇ 'ਚ ਵੱਡਾ ਖ਼ੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਮਹਿਲਾ 'ਤੇ ਹਮਲਾ ਕਰਨ ਵਾਲਾ ਕੋਈ ਹੋਰ ਨਹੀਂ, ਸਗੋਂ ਮਹਿਲਾ ਦਾ ਜਵਾਈ ਹੀ ਸੀ। ਮੁਲਜ਼ਮ ਦਾ ਨਾਂ ਵਿਕਰਮ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਅੱਜ ਜਦੋਂ ਜੀ. ਟੀ. ਬੀ. ਨਗਰ ਵਿਚ ਮਹਿਲਾ ਦੇ ਕਤਲ ਦੀ ਘਟਨਾ ਸਾਹਮਣੇ ਆਈ ਤਾਂ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਗਈ, ਜਿਸ ਵਿਚ ਦੋ ਨੌਜਵਾਨ ਮੋਟਰਸਾਈਕਲ 'ਤੇ ਆਉਂਦੇ ਨਜ਼ਰ ਆਏ ਤੇ ਉਨ੍ਹਾਂ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਦੋਂ ਪਰਿਵਾਰ ਦੀ ਕੁੜੀ ਨੂੰ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦਿਖਾਈ ਗਈ ਤਾਂ ਉਸ ਨੇ ਮੁਲਜ਼ਮ ਨੂੰ ਪਛਾਣ ਲਿਆ ਤੇ ਕਿਹਾ ਕਿ ਇਹ ਤਾਂ ਘਰ ਦਾ ਜਵਾਈ ਵਿਕਰਮ ਹੈ।
ਦੂਜੇ ਪਾਸੇ, ਮਾਮਲੇ ਦੀ ਸੂਚਨਾ ਮਿਲਦਿਆਂ ਹੀ ਏ. ਡੀ. ਸੀ. ਪੀ. ਜਸ਼ਨਦੀਪ ਸਿੰਘ ਗਿੱਲ, ਏ. ਸੀ. ਪੀ. ਇੰਦਰਜੀਤ ਸਿੰਘ ਬੋਪਾਰਾਏ, ਐੱਸ. ਐੱਚ. ਓ. ਬਲਵਿੰਦਰ ਕੌਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਮੁਤਾਬਕ ਮ੍ਰਿਤਕਾ ਦੀ ਪਛਾਣ ਪੂਨਮ ਪਾਂਡੇ ਵਜੋਂ ਹੋਈ ਹੈ। ਐੱਸ. ਐੱਚ. ਓ. ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੂਨਮ ਪਾਂਡੇ ਨਾਂ ਦੀ ਔਰਤ ਦੇ ਗੋਲ਼ੀ ਮਾਰੀ ਗਈ ਹੈ। ਸਿਵਲ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕਾ ਦੀ ਧੀ ਦਾ ਆਪਣੇ ਪਤੀ ਨਾਲ ਵਿਵਾਦ ਚੱਲ ਰਿਹਾ ਸੀ ਤੇ ਉਹ ਤਕਰਰੀਬਨ 15 ਦਿਨ ਤੋਂ ਪੇਕੇ ਘਰ ਵਿਚ ਹੀ ਰਹਿ ਰਹੀ ਸੀ। ਇਹ ਵੀ ਸੰਭਾਵਨਾ ਹੈ ਕਿ ਇਹ ਹਮਲਾ ਮ੍ਰਿਤਕਾ ਦੇ ਜਵਾਈ ਵੱਲੋਂ ਹੀ ਕੀਤਾ ਗਿਆ ਹੋਵੇ, ਪਰ ਇਸ ਬਾਰੇ ਫ਼ਿਲਹਾਲ ਅਧਿਕਾਰਤ ਤੌਰ 'ਤੇ ਕੁਝ ਕਿਹਾ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਫ਼ਿਲਹਾਲ ਹਮਲੇ ਮਗਰੋਂ ਮ੍ਰਿਤਕਾ ਦੀ ਧੀ ਅਜੇ ਸਹਿਮੀ ਹੋਈ ਹੈ ਤੇ ਉਸ ਨਾਲ ਗੱਲਬਾਤ ਨਹੀਂ ਹੋ ਸਕੀ। ਫ਼ਿਲਹਾਲ ਪੁਲਸ ਵੱਲੋਂ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
