ਕਥਿਤ ਬਲਾਤਕਾਰੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਟੈਂਕੀ ’ਤੇ ਚੜ੍ਹੇ ਦੋ ਵਿਅਕਤੀ
Saturday, Jul 02, 2022 - 02:14 PM (IST)

ਭਗਤਾ ਭਾਈ (ਪਰਵੀਨ) : ਆਪਣੀ ਭਰਜਾਈ ਨਾਲ ਪਿੰਡ ਦੇ ਤਿੰਨ ਵਿਅਕਤੀਆਂ ਵਿਰੁੱਧ ਬਲਾਤਕਾਰ ਦਾ ਮੁਕੱਦਮਾ ਦਰਜ ਹੋ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਪੀੜਤਾ ਦਾ ਦਿਓਰ ਅਤੇ ਜੇਠ ਪੈਟਰੋਲ ਦੀਆਂ ਭਰੀਆਂ ਬੋਤਲਾਂ ਲੈ ਕੇ ਪਿੰਡ ਦਿਆਲਪੁਰਾ ਦੀ ਵਾਟਰ ਵਰਕਸ ਵਾਲੀ ਟੈਂਕੀ ’ਤੇ ਚੜ੍ਹ ਗਏ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਅਤੇ ਸੰਦੀਪ ਸਿੰਘ ਨਾਮਕ ਇਹ ਵਿਅਕਤੀ ਦੋਸ਼ ਲਗਾ ਰਹੇ ਹਨ ਕਿ ਪੁਲਸ ਇਸ ਘਟਨਾ ਦੇ ਦੋਸ਼ੀਆਂ ਰਣਜੀਤ ਸਿੰਘ, ਗੁਰਚੇਤ ਸਿੰਘ ਅਤੇ ਬਾਜਾ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਨ੍ਹਾਂ ਉੱਪਰ ਰਾਜ਼ੀਨਾਮਾ ਕਰਨ ਲਈ ਦਬਾਅ ਬਣਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ 23 ਸਾਲਾ ਵਿਆਹੁਤਾ ਘਰ ਵਿਚ ਆਪਣੇ ਬੱਚਿਆਂ ਨਾਲ ਘਰ ਦਾ ਕੰਮਕਾਰ ਕਰ ਰਹੀ ਸੀ ਅਤੇ ਉਸ ਦੇ ਪਿੰਡ ਦੇ ਹੀ ਰਣਜੀਤ ਸਿੰਘ ਨੇ ਆਪਣੇ ਦੋ ਹੋਰ ਸਾਥੀਆਂ ਗੁਰਚੇਤ ਸਿੰਘ ਅਤੇ ਬਾਜਾ ਸਿੰਘ ਨਾਲ ਘਰ ਵਿਚ ਜ਼ਬਰੀ ਦਾਖਲ ਹੋ ਗਏ ਸਨ ਅਤੇ ਬੱਚਿਆਂ ਨੂੰ ਇਕ ਕਮਰੇ ਵਿਚ ਬੰਦ ਕਰਕੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਤਹਿਸਲੀਦਾਰ ਸੁਖਬੀਰ ਸਿੰਘ, ਡੀ.ਐੱਸ.ਪੀ. ਫੂਲ ਸਤਨਾਮ ਸਿੰਘ ਅਤੇ ਥਾਣਾ ਮੁਖੀ ਹਰਨੇਕ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਇਹ ਵਿਅਕਤੀ ਦੋਸ਼ੀਆਂ ਉਪਰ ਕਾਰਵਾਈ ਲਈ ਬਜਿੱਦ ਹਨ।