ਲੁਧਿਆਣਾ ਵਾਸੀਆਂ ਲਈ ਵੱਡੀ ਰਾਹਤ: ਹੁਣ ਪੈਟਰੋਲ ਪੰਪਾਂ ਤੇ ਰਾਸ਼ਨ ਡਿਪੂਆਂ 'ਤੇ ਮਿਲਣਗੇ 5 ਕਿਲੋ ਵਾਲੇ ਗੈਸ ਸਿਲੰਡਰ

Wednesday, Apr 08, 2026 - 05:54 AM (IST)

ਲੁਧਿਆਣਾ ਵਾਸੀਆਂ ਲਈ ਵੱਡੀ ਰਾਹਤ: ਹੁਣ ਪੈਟਰੋਲ ਪੰਪਾਂ ਤੇ ਰਾਸ਼ਨ ਡਿਪੂਆਂ 'ਤੇ ਮਿਲਣਗੇ 5 ਕਿਲੋ ਵਾਲੇ ਗੈਸ ਸਿਲੰਡਰ

ਲੁਧਿਆਣਾ (ਖੁਰਾਣਾ) : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਚਲਾਈ ਗਈ ਸਾਂਝੀ ਮੁਹਿੰਮ ਤਹਿਤ ਗੈਸ ਦੀ ਕਿੱਲਤ ਨਾਲ ਜੂਝ ਰਹੀ ਆਮ ਜਨਤਾ, ਵਿਸ਼ੇਸ਼ ਕਰਕੇ ਪ੍ਰਵਾਸੀ ਮਜ਼ਦੂਰਾਂ ਨੂੰ ਵੱਡੀ ਰਾਹਤ ਦੇਣ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਤਹਿਤ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਰਾਸ਼ਨ ਡਿਪੂਆਂ ਅਤੇ ਪੈਟਰੋਲ ਪੰਪਾਂ ’ਤੇ ਹਰੇਕ ਲੋੜਵੰਦ ਪਰਿਵਾਰ ਨੂੰ 5 ਕਿਲੋ ਵਾਲਾ ਸਿਲੰਡਰ ਬੜੀ ਆਸਾਨੀ ਨਾਲ ਮਿਲ ਜਾਵੇਗਾ। ਇਸ ਦਾ ਮਕਸਦ ਲੋੜਵੰਦ ਪਰਿਵਾਰਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਰਸੋਈ ਲਈ ਸਾਧਨ ਮੁਹੱਈਆ ਕਰਵਾਉਣਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਗੈਸ ਦੀ ਭਾਰੀ ਕਿੱਲਤ ਕਾਰਨ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਪਰਤਣ ਲੱਗੇ ਸਨ। ਇਸ ਕਾਰਨ ਨਾ ਸਿਰਫ਼ ਉਦਯੋਗਿਕ ਘਰਾਣਿਆਂ ਤੇ ਫੈਕਟਰੀਆਂ ਵਿੱਚ ਲੇਬਰ ਦੀ ਸਮੱਸਿਆ ਪੈਦਾ ਹੋਣ ਕਾਰਨ ਕਾਰੋਬਾਰ ਠੱਪ ਹੋਣ ਦੀ ਸੰਭਾਵਨਾ ਵਧਣ ਲੱਗੀ ਸੀ, ਸਗੋਂ ਗੈਸ ’ਤੇ ਚੱਲਣ ਵਾਲੇ ਛੋਟੇ-ਵੱਡੇ ਕਾਰੋਬਾਰ ਵੀ ਪ੍ਰਭਾਵਿਤ ਹੋਏ ਸਨ, ਜਿਸ ਦਾ ਸਿੱਧਾ ਅਸਰ ਪੰਜਾਬ ਦੀ ਉਦਯੋਗਿਕ ਨਗਰੀ ’ਤੇ ਦੇਖਿਆ ਗਿਆ।

ਇਹ ਵੀ ਪੜ੍ਹੋ : ਫਿਲਮੀ ਅੰਦਾਜ਼ 'ਚ ਲੁੱਟ! ਚਾਂਦੀ ਦਾ ਕੜਾ ਲੈ ਕੇ ਭੱਜਿਆ ਸ਼ਾਤਰ ਠੱਗ, ਜਵੈਲਰ ਨੂੰ ਸੜਕ 'ਤੇ ਘੜੀਸਿਆ

ਖ਼ੁਰਾਕ ਤੇ ਸਪਲਾਈ ਵਿਭਾਗ ਦੇ ਕੰਟਰੋਲਰ ਲਖਬੀਰ ਸਿੰਘ ਅਤੇ ਸਰਤਾਜ ਸਿੰਘ ਚੀਮਾ ਵੱਲੋਂ ਵੱਖ-ਵੱਖ ਪੈਟਰੋਲ ਪੰਪ ਡੀਲਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡੀਲਰਾਂ ਨੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੰਦੇ ਪੰਪਾਂ ’ਤੇ 5 ਕਿਲੋ ਵਾਲੇ ਗੈਸ ਸਿਲੰਡਰਾਂ ਦਾ ਨਿਰਧਾਰਿਤ ਸਟਾਕ ਰੱਖਣ ਦੀ ਸਹਿਮਤੀ ਦਿੱਤੀ ਹੈ। ਕੰਟਰੋਲਰ ਲਖਬੀਰ ਸਿੰਘ ਅਤੇ ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਸਿਲੰਡਰ ਖ਼ਾਲੀ ਹੋਣ ਦੀ ਸੂਰਤ ਵਿੱਚ ਉਪਭੋਗਤਾ ਨੇੜਲੇ ਪੈਟਰੋਲ ਪੰਪ ਜਾਂ ਰਾਸ਼ਨ ਡਿਪੂ ’ਤੇ ਖ਼ਾਲੀ ਸਿਲੰਡਰ ਜਮ੍ਹਾ ਕਰਵਾ ਕੇ ਤੁਰੰਤ ਭਰਿਆ ਹੋਇਆ ਸਿਲੰਡਰ ਲੈ ਸਕਣਗੇ। ਉਨ੍ਹਾਂ ਦੱਸਿਆ ਕਿ 5 ਕਿਲੋ ਵਾਲਾ ਗੈਸ ਕਨੈਕਸ਼ਨ ਲੈਣ ਲਈ ਪ੍ਰਸ਼ਾਸਨ ਵੱਲੋਂ ਬਹੁਤ ਸਰਲ ਨੀਤੀ ਤਿਆਰ ਕੀਤੀ ਗਈ ਹੈ। ਉਪਭੋਗਤਾ ਨੂੰ ਸਿਰਫ਼ ਆਪਣੇ ਆਧਾਰ ਕਾਰਡ ਦੀ ਕਾਪੀ ਤੇ ਪਾਸਪੋਰਟ ਸਾਈਜ਼ ਫੋਟੋ ਦੇਣੀ ਪਵੇਗੀ, ਜਿਸ ਤੋਂ ਤੁਰੰਤ ਬਾਅਦ ਨਵਾਂ ਕਨੈਕਸ਼ਨ ਜਾਰੀ ਕਰ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News