ਵਿਵਾਦਾਂ ''ਚ ਘਿਰੇ ਰਾਣਾ ਗੁਰਜੀਤ ਸਿੰਘ, ਨਾਜਾਇਜ਼ ਕਬਜ਼ਾ ਕਰਨ ਦੇ ਲੱਗੇ ਦੋਸ਼

Wednesday, Jan 16, 2019 - 03:22 PM (IST)

ਜਲੰਧਰ/ਕਪੂਰਥਲਾ (ਕਮਲੇਸ਼)—ਕਾਂਗਰਸ ਦੇ ਸਾਬਕਾ ਮੰਤਰੀ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਇਕ ਵਾਰ ਫਿਰ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਰਾਣਾ ਗੁਰਜੀਤ ਖਿਲਾਫ ਹੁਣ ਇਕ ਧਾਰਮਿਕ ਅਸਥਾਨ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਵਾ ਕੇ ਜ਼ਮੀਨ ਹਥਿਆਉਣ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਇਹ ਦੋਸ਼ ਕਪੂਰਥਲਾ ਦੇ ਕਾਂਜਲੀ ਸਥਿਤ ਬਾਬਾ ਸ਼੍ਰੀ ਚੰਦ ਉਦਾਸੀ ਆਸ਼ਰਮ ਦੇ ਸੰਤ ਸਮਾਜ ਵੱਲੋਂ ਲਗਾਏ ਗਏ ਹਨ। 

PunjabKesari

ਪ੍ਰੈੱਸ ਕਾਨਫਰੰਸ ਦੌਰਾਨ ਬਾਬਾ ਰਾਜ ਕਿਸ਼ੋਰ ਨੇ ਕਿਹਾ ਕਿ 3 ਮਹੀਨੇ ਪਹਿਲਾਂ ਆਸ਼ਰਮ 'ਤੇ ਕਬਜ਼ੇ ਦੀ ਮੰਸ਼ਾ ਨਾਲ ਰਾਣਾ ਗੁਰਜੀਤ ਸਿੰਘ ਦੀ ਸ਼ਹਿ 'ਤੇ ਉਨ੍ਹਾਂ ਦੇ ਸਮਰਥਕਾਂ ਨੇ ਆਸ਼ਰਮ ਦੇ ਮਹੰਤ ਵਾਸੂਦੇਵ ਨੂੰ ਝੂਠੇ ਮਾਮਲੇ 'ਚ ਫਸਾ ਕੇ ਜੇਲ ਭੇਜ ਦਿੱਤਾ ਸੀ ਅਤੇ ਉਸ ਤੋਂ ਬਾਅਦ ਆਸ਼ਰਮ ਅਤੇ ਉਸ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਣਾ ਗੁਰਜੀਤ ਦੀ ਆਸ਼ਰਮ ਦੀ 16 ਕਿੱਲੇ ਜ਼ਮੀਨ 'ਤੇ ਕਬਜ਼ੇ ਦੀ ਮੰਸ਼ਾ ਸੀ, ਇਸ ਲਈ ਇਹ ਸਾਰੀ ਖੇਡ ਰਚੀ ਗਈ ਅਤੇ ਰਾਣਾ ਦੇ ਹੀ ਦਬਾਅ ਹੇਠ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ। 

PunjabKesari

ਉਨ੍ਹਾਂ ਨੇ ਦੱਸਿਆ ਕਿ ਆਸ਼ਰਮ ਨੂੰ ਕਪੂਰਥਲਾ ਦੇ ਰਾਜਾ ਵੱਲੋਂ ਇਹ ਜ਼ਮੀਨ ਭੇਟ 'ਚ ਦਿੱਤੀ ਗਈ ਸੀ। ਬਾਬਾ ਰਾਜ ਕਿਸ਼ੋਰ ਨੇ ਦੋਸ਼ ਲਗਾਏ ਕਿ ਆਸ਼ਰਮ ਤੋਂ ਝੰਡਾ ਉਤਾਰ ਤੇ ਨਿਸ਼ਾਨ ਸਾਹਿਬ ਲਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸੰਤ ਸਮਾਜ ਇਸ ਮਾਮਲੇ 'ਚ ਰਾਣਾ ਗੁਰਜੀਤ ਨੂੰ ਮਿਲਣ ਗਿਆ ਤਾਂ ਉਨ੍ਹਾਂ ਹੱਸ ਕੇ ਸਾਰੇ ਮਾਮਲੇ ਨੂੰ ਟਾਲ ਦਿੱਤਾ। ਬਾਬਾ ਰਾਜ ਕਿਸ਼ੋਰ ਨੇ ਕਿਹਾ ਕਿ ਇਸ ਸਾਰੇ ਮਾਮਲੇ 'ਚ ਉਨ੍ਹਾਂ ਨੇ ਪੰਜਾਬ ਮੁੱਖ ਮੰਤਰੀ ਕੋਲ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਅਚਾਰੀਆ ਬੰਸ਼ੀ ਦਾਸ ਅਤੇ ਹੋਰ ਸੰਤ ਵੀ ਮੌਜੂਦ ਸਨ। 

ਕਿਤੇ ਵੀ ਕਬਜ਼ੇ ਦੀ ਮੰਸ਼ਾ ਨਹੀਂ : ਰਾਣਾ ਗੁਰਜੀਤ ਸਿੰਘ 
ਇਸ ਮਾਮਲੇ 'ਚ ਜਦੋਂ ਰਾਣਾ ਗੁਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕਿਤੇ ਵੀ ਕਬਜ਼ਾ ਕਰਨ ਦੀ ਮਨਸ਼ਾ ਨਹੀਂ ਹੈ ਅਤੇ ਉਨ੍ਹਾਂ ਦੇ ਕਿਸੇ ਵੀ ਸਮਰਥਕ ਨੇ ਕਿਤੇ ਵੀ ਕਬਜ਼ਾ ਨਹੀਂ ਕੀਤਾ। ਉਨ੍ਹਾਂ 'ਤੇ ਲਗਾਏ ਸਾਰੇ ਦੋਸ਼ ਬੇਬੁਨਿਆਦ ਹਨ।


shivani attri

Content Editor

Related News