4 ਨੌਜਵਾਨਾਂ ਨੇ ਬਿਹਾਰ ਦੀ ਕੁੜੀ ਨੂੰ ਬੰਧਕ ਬਣਾ ਕੇ ਕੀਤਾ ਜਬਰ-ਜ਼ਨਾਹ

Sunday, May 26, 2019 - 11:47 AM (IST)

4 ਨੌਜਵਾਨਾਂ ਨੇ ਬਿਹਾਰ ਦੀ ਕੁੜੀ ਨੂੰ ਬੰਧਕ ਬਣਾ ਕੇ ਕੀਤਾ ਜਬਰ-ਜ਼ਨਾਹ

ਰਾਜਾਸਾਂਸੀ (ਰਾਜਵਿੰਦਰ) : ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਅਦਲੀਵਾਲਾ 'ਚ ਬਿਹਾਰ ਦੀ ਇਕ ਲੜਕੀ (18) ਨੂੰ 4 ਅਣਪਛਾਤੇ ਨੌਜਵਾਨਾਂ ਵੱਲੋਂ ਬੰਧਕ ਬਣਾ ਕੇ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਤੜਕਸਾਰ ਅਗਵਾਕਾਰਾਂ ਕੋਲੋਂ ਆਪਣੀ ਜਾਨ ਬਚਾ ਕੇ ਭੱਜੀ ਪੀੜਤਾ ਨੇ ਦੱਸਿਆ ਕਿ ਉਹ ਬਿਹਾਰ ਸੂਬੇ ਦੇ ਸ਼ਹਿਰ ਕਟਿਹਾਰ ਨਜ਼ਦੀਕ ਪਿੰਡ ਦੀ ਵਾਸੀ ਹੈ, ਉਹ ਪਸ਼ੂਆਂ ਲਈ ਘਾਹ ਲੈਣ ਬਾਹਰ ਗਈ ਸੀ ਕਿ ਉਦੋਂ 4 ਨੌਜਵਾਨ ਗੱਡੀ 'ਚ ਆਏ ਤੇ ਉਸ ਨੂੰ ਬੇਹੋਸ਼ੀ ਦਾ ਟੀਕਾ ਲਾ ਕੇ ਉਸ ਨੂੰ ਆਪਣੇ ਨਾਲ ਲੈ ਗਏ। ਉਸ ਨੂੰ ਪਤਾ ਨਹੀਂ ਲੱਗਾ ਕਿ ਉਹ ਕਿਸ ਤਰ੍ਹਾਂ ਰਾਜਾਸਾਂਸੀ ਦੇ ਪਿੰਡ ਅਦਲੀਵਾਲਾ ਪਹੁੰਚ ਗਈ।

ਉਸ ਨੇ ਦੱਸਿਆ ਕਿ 4 ਨੌਜਵਾਨਾਂ ਨੇ ਉਸ ਨੂੰ ਇਕ ਮੋਟਰ ਦੇ ਕਮਰੇ 'ਚ ਹੱਥ-ਪੈਰ ਬੰਨ੍ਹ ਕੇ ਰੱਖਿਆ ਸੀ ਪਰ ਬੀਤੀ ਰਾਤ ਜਦ ਚਾਰੇ ਨੌਜਵਾਨ ਨਸ਼ੇ 'ਚ ਧੁੱਤ ਸੁੱਤੇ ਹੋਏ ਸਨ ਤਾਂ ਉਹ ਆਪਣੇ ਹੱਥ-ਪੈਰ ਖੋਲ੍ਹ ਕੇ ਪਿੰਡ ਵੱਲ ਭੱਜ ਗਈ। ਇਸ ਸਬੰਧੀ ਹਰਕੰਵਲਜੀਤ ਸਿੰਘ ਸਰਪੰਚ ਅਦਲੀਵਾਲਾ ਨੇ ਦੱਸਿਆ ਕਿ ਤੜਕਸਾਰ ਪੀੜਤ ਲੜਕੀ ਉਨ੍ਹਾਂ ਦੇ ਪਿੰਡ ਦੇ ਕਿਸਾਨ ਸਵਿੰਦਰ ਸਿੰਘ ਦੀ ਬਹਿਕ 'ਤੇ ਉਨ੍ਹਾਂ ਦੇ ਘਰ ਪੁੱਜੀ ਅਤੇ ਸਾਰੀ ਘਟਨਾ ਬਾਰੇ ਦੱਸਿਆ। ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਹਰਪ੍ਰੀਤ ਸਿੰਘ ਅਤੇ ਤਫਤੀਸ਼ੀ ਅਫਸਰ ਏ. ਐੱਸ. ਆਈ. ਪ੍ਰਗਟ ਸਿੰਘ ਨੇ ਦੱਸਿਆ ਕਿ ਉਕਤ ਲੜਕੀ ਨੂੰ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਹਵਾਲੇ ਕੀਤਾ ਹੈ ਅਤੇ ਲੜਕੀ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਜਾਰੀ ਹੈ, ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।


author

Baljeet Kaur

Content Editor

Related News